ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਕੀਤੀ ਸਿਰਪਾਓ ਦੀ ਬਖਸ਼ਿਸ਼
ਦਮਦਮੀ ਟਕਸਾਲ ਜਥਾ ਭਿੰਡਰਾਂ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਭਾਰਤ ਦੇ ਅਮਰੀਕਾ ਵਿੱਚ ਸਾਬਕਾ ਰਾਜਦੂਤ ਸ: ਤਰਨਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਨਤਮਸਤਕ ਹੋਏ। ਸ: ਤਰਨਜੀਤ ਸਿੰਘ ਸੰਧੂ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਸਿੱਖ ਆਗੂ ਜਥੇ: ਤੇਜਾ ਸਿੰਘ ਜੀ ਸਮੁੰਦਰੀ, ਜਿੰਨ੍ਹਾਂ ਦਾ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਗੂੜ੍ਹਾ ਸਨੇਹ ਸੀ, ਦੇ ਪੋਤਰੇ ਹਨ ਅਤੇ ਖਾਲਸਾ ਕਾਲਜ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਇਸ ਚਾਂਸਲਰ ਸ: ਬਿਸ਼ਨ ਸਿੰਘ ਜੀ ਸਮੁੰਦਰੀ, ਜੋ ਕਿ ਦਮਦਮੀ ਟਕਸਾਲ ਦੇ ਬਾਰਵੇਂ ਮੁੱਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੇ ਸ਼ਰਧਾਲੂ ਸਨ, ਦੇ ਸੁੱਪਤਰ ਹਨ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਉਨ੍ਹਾਂ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਨਾਲ ਪੰਜਾਬ ਦੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਮੁੱਦਿਆ ਉਪਰ ਲੰਬੀ ਵਿਚਾਰ ਚਰਚਾ ਕੀਤੀ ਅਤੇ ਆਪਣੇ ਪਰਿਵਾਰ ਦੀਆਂ ਦਮਦਮੀ ਟਕਸਾਲ ਨਾਲ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ। ਸ ਸੰਧੂ ਨੇ ਦਮਦਮੀ ਟਕਸਾਲ ਦੁਆਰਾ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਵਿਚ ਨਿਭਾਈਆ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਆਪਣੇ ਵਲੋਂ ਹਰ ਤਰਾ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ l ਸੰਤ ਗਿਆਨੀ ਹਰਨਾਮ ਸਿੰਘ ਜੀ ਨੇ ਵੀ ਪੰਜਾਬ ਅਤੇ ਕਿਸਾਨੀ ਦੀ ਤਰੱਕੀ ਨੌਜੁਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਉਦਯੋਗਿਕ ਵਿਕਾਸ ਲਈ ਓਨਾ ਵਲੋਂ ਕੀਤੇ ਜਾ ਰਹੇ ਵਿਸ਼ੇਸ ਉਪਰਾਲਿਆਂ ਲਈ ਓਨਾ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ l ਬਾਬਾ ਜੀ ਨੇ ਇਸ ਮੌਕੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਂਟ ਕਰ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਪ੍ਰਿੰ:ਹਰਸ਼ਦੀਪ ਸਿੰਘ ਰੰਧਾਵਾ ਅਤੇ ਡਾ: ਅਵਤਾਰ ਸਿੰਘ ਬੁੱਟਰ, ਜਥੇਦਾਰ ਸੁਖਦੇਵ ਸਿੰਘ ਮੁੱਖ ਬੁਲਾਰਾ, ਗਿਆਨੀ ਸਾਹਿਬ ਸਿੰਘ ਅਤੇ ਦਮਦਮੀ ਟਕਸਾਲ ਦੇ ਹੋਰ ਜੁੰਮੇਵਾਰ ਸਿੰਘ ਵੀ ਹਾਜ਼ਰ ਸਨ।