ਐਸ.ਜੀ.ਪੀ.ਸੀ ਦੀ ਵੋਟ ਸਾਡੀ ਸਿਰਮੋਰ ਵਿਲੱਖਣ ਪਹਿਚਾਣ ਨੂੰ ਦਰਸਾਉਂਦੀ ਹੈ
ਸਰਵਉੱਚ ਸੇਵਾ ਗੁਰੂਧਾਮਾਂ ਦੀ ਸੇਵਾ ਸੰਭਾਲ ਵਿੱਚ ਤੁਹਾਨੂੰ ਯੋਗਦਾਨ ਪਾਉਣ ਦਾ ਮੌਕਾ ਦਿੰਦੀ ਹੈ ਐਸ.ਜੀ.ਪੀ.ਸੀ ਦੀ ਵੋਟ
ਅੱਜ ਮਿਤੀ 11 ਅਗਸਤ 2024 ਨੂੰ ਡੇਰਾ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਹੋਈ। ਜਿੱਥੇ ਪਾਰਟੀ ਦੇ ਸੀਨੀਅਰ ਲੀਡਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜੀ, ਮਾਸਟਰ ਕਰਨੈਲ ਸਿੰਘ ਨਾਰੀਕੇ ਜੀ, ਸ.ਇਮਾਨ ਸਿੰਘ ਮਾਨ ਜੀ, ਸ.ਹਰਪਾਲ ਸਿੰਘ ਬਲੇਰ ਜੀ, ਸ.ਉਪਕਾਰ ਸਿੰਘ ਸੰਧੂ ਜੀ, ਸ.ਅਮਰੀਕ ਸਿੰਘ ਨੰਗਲ ਜੀ, ਸ.ਜਸਬੀਰ ਸਿੰਘ ਬੱਚੜਾ ਜੀ, ਸ. ਗੁਰਬਚਨ ਸਿੰਘ ਪਵਾਰ ਜੀ, ਸ.ਕੁਲਵੰਤ ਸਿੰਘ ਮਜੀਠਾ ਜੀ, ਸ.ਦਵਿੰਦਰ ਸਿੰਘ ਫਤਾਹਪੁਰ ਜੀ ਅਤੇ ਸ.ਸ਼ਮਸ਼ੇਰ ਸਿੰਘ ਬਰਾੜ ਜੀ ਨਾਲ ਐਸ.ਜੀ.ਪੀ.ਸੀ ਦੀਆਂ ਹੋਣ ਜਾ ਰਹੀਆਂ ਚੋਣਾ ਬਾਰੇ ਵਿਚਾਰ ਚਰਚਾ ਹੋਈ। ਇਸ ਮੀਟਿੰਗ ਵਿੱਚ ਸਾਰੇ ਪੰਥਕ ਆਗੂਆਂ ਨੇ ਇਹ ਸਮਝਾਇਆ ਕਿ ਹਰ ਸਿੰਘ ਅਤੇ ਕੌਰ ਨੂੰ ਐਸ.ਜੀ.ਪੀ.ਸੀ ਦੀਆਂ ਵੋਟਾਂ ਕਿਉਂ ਲਾਜ਼ਮੀ ਬਨਵਾਉਣੀਆਂ ਚਾਹਿਦੀਆਂ ਹਨ। ਹਰ ਸਿੰਘ ਤੇ ਕੌਰ ਜਿਸਦੀ ਉਮਰ 21 ਸਾਲ ਹੋ ਚੁੱਕੀ ਹੈ ਅਤੇ ਸਾਬਤ ਸੂਰਤ ਹੈ ਮਤਲਬ ਕੇਸ ਕਤਲ ਨਹੀਂ ਕਰਵਾਉਂਦਾ ਹੋਵੇ ਉਹ ਐਸ.ਜੀ.ਪੀ.ਸੀ ਦਾ ਵੋਟਰ ਬਣ ਸਕਦਾ ਹੈ। ਜੇਕਰ ਕਿਸੇ ਨੇ ਅੰਮ੍ਰਿਤ ਛੱਕਣ ਦੀ ਦਾਤ ਨਾ ਲਈ ਹੋਵੇ ਪਰ ਸਾਬਤ ਸੂਰਤ ਹੋਵੇ ਉਹ ਐਸ.ਜੀ.ਪੀ.ਸੀ ਦਾ ਵੋਟਰ ਬਣ ਸਕਦਾ ਹੈ। ਅਸੀਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਵੋਟਾਂ ਪਾਉਣ ਲਈ ਉਤਾਵਲੇ ਹੁੰਦੇ ਹਾਂ। ਕਾਰਪੋਰੇਸ਼ਨ ਅਤੇ ਪੰਚਾਇਤੀ ਚੋਣਾਂ ਲਈ ਹੱਲਾ ਮਚਾਉਂਦੇ ਹਾਂ। ਪਰ ਐਸ.ਜੀ.ਪੀ.ਸੀ ਦੀਆਂ ਵੋਟਾਂ ਤਾਂ ਸਾਨੂੰ ਆਪਣੇ ਨਾਂ ਨਾਲ ਲੱਗਦੇ ਸਿੱਖ ਅਤੇ ਕੌਰ ਦਾ ਵਿਲੱਖਣ ਅਧਿਕਾਰ ਦਿੰਦੇ ਹਨ। ਜਿਸ ਦੀ ਅਸੀਂ ਅਹਮਿਯਤ ਹੀ ਨਹੀਂ ਸਮਝਦੇ। ਹਰ ਸਿੱਖ ਤੇ ਕੌਰ ਨੂੰ ਬਲਕਿ ਆਪ ਅੱਗੇ ਆ ਕੇ ਐਸ.ਜੀ.ਪੀ.ਸੀ ਦੀ ਆਪਣੀ ਵੋਟ ਬਨਵਾਉਣੀ ਚਾਹਿਦੀ ਹੈ। ਇਹ ਵੋਟ ਸਾਡੀ ਸਿਰਮੋਰ ਵਿਲੱਖਣ ਪਹਿਚਾਣ ਨੂੰ ਦਰਸਾਉਂਦੀ ਹੈ। ਇਹ ਵੋਟ ਸਾਡੀ ਹੋਂਦ ਨੂੰ ਦਰਸਾਉਂਦੀ ਹੈ। ਸਾਡੀ ਇਹ ਇੱਕ ਐਸੀ ਸ਼ਕਤੀ ਹੈ ਜਿਸਨੂੰ ਅਸੀਂ ਅਣਦੇਖਿਆ ਕਰ ਦਿੰਦੇ ਹਾਂ। ਅਸੀਂ ਪੰਥਕ ਦਰਦ ਰੱਖਣ ਦਾ ਦਾਵਾ ਤਾਂ ਕਰਦੇ ਹਾਂ ਪਰ ਪੰਥਕ ਵੋਟ ਦੇ ਅਧਿਕਾਰ ਨੂੰ ਨਹੀਂ ਸਮਝਦੇ। ਗੁਰੂਧਾਮਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਉਦੋਂ ਹੀ ਚੱਲ ਸਕਦਾ ਹੈ ਜਦੋਂ ਉਸ ਦਾ ਪ੍ਰਬੰਧ ਸੁਹਿਰਦ ਆਗੂਆਂ ਦੇ ਹੱਥ ਵਿੱਚ ਹੋਵੇਗਾ। ਇਹ ਸੁਹਿਰਦ ਆਗੂ ਚੁਨਣ ਦਾ ਅਧਿਕਾਰ ਕਿਸੇ ਵੀ ਹੋਰ ਧਿਰ ਕੋਲ ਨਹੀਂ ਹੈ ਸਿਰਫ ਤੇ ਸਿਰਫ ਸਿੰਘ ਤੇ ਕੌਰ ਕੋਲ ਹੈ। ਅਤੇ ਹੈਰਾਨੀ ਦੀ ਗੱਲ ਹੈ ਕਿ ਅਸੀਂ ਇਹ ਵੋਟ ਬਨਾਉਣੀ ਜਰੂਰੀ ਨਹੀਂ ਸਮਝਦੇ। ਜੇਕਰ ਹਰ ਸਿੰਘ ਤੇ ਕੌਰ ਆਪਣੀ ਜਿੰਮੇਵਾਰੀ ਸਮਝ ਕੇ ਐਸ.ਜੀ.ਪੀ.ਸੀ ਦੀਆਂ ਵੋਟਾਂ ਬਣਾ ਲੈਣ ਤਾਂ ਸਾਡੇ ਪਰਿਵਾਰ ਜੋ ਕਿ ਸਿੱਖੀ ਤੋਂ ਬੇਮੁੱਖ ਹੁੰਦੇ ਜਾ ਰਹੇ ਹਨ ਉਹ ਆਪਣੇ ਸਿੱਖੀ ਘਰ ਵੱਲ ਵਾਪਿਸੀ ਕਰਣਗੇ। ਸਾਡੇ ਬੱਚੇ ਗੁਰਬਾਣੀ ਨਾਲ ਜੁੜਣਗੇ। ਸਿੱਖੀ ਸਿਧਾਂਤਾ ਨੂੰ ਸਮਝ ਕੇ ਸੁੱਚੀ ਅਤੇ ਉੱਚੀ ਸੋਚ ਦੇ ਮਾਲਕ ਬਨਣਗੇ। ਨਸ਼ਿਆਂ ਤੋ ਰਹਿਤ ਹੋ ਕੇ ਕਿਰਤ ਕਮਾਈ ਕਰਣਗੇ। ਘੜਮ ਚੌਧਰੀ ਨਾ ਬਣ ਕੇ ਸੇਵਾ ਭਾਵਨਾ ਨਾਲ ਸਮਾਜ ਵਿੱਚ ਵਿਚਰਣਗੇ। ਅੱਜ ਵਿਦੇਸ਼ਾਂ ਵਿੱਚ ਵੀ ਸਰਦਾਰਾਂ ਨੂੰ ਸਤਿਕਾਰ ਮਿਲਦਾ ਹੈ। ਪਰ ਅਸੀਂ ਸਰਦਾਰ ਕਿਉਂ ਹਾਂ? ਇਹ ਭੁੱਲ ਗਏ ਹਾਂ। ਦਸ ਗੁਰੂਸਹਿਬਾਨਾਂ ਦੇ ਚਰਣ ਛੋਹ ਇਹ ਗੁਰੂਦੁਆਰਾ ਸਾਹਿਬ ਜੋ ਸਾਡੀ ਸਿੱਖੀ ਦਾ ਪ੍ਰਤੀਕ ਹਨ ਅਸੀਂ ਉਨ੍ਹਾਂ ਦੀ ਸੇਵਾ ਸੰਭਾਲ ਵਿੱਚ ਆਪਣਾ ਯੋਗਦਾਨ ਨਹੀਂ ਪਾਉਂਦੇ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਐਸ.ਜੀ.ਪੀ.ਸੀ ਦੀਆਂ ਵੋਟਾਂ ਜਰੂਰ ਬਣਾਇਏ, ਵੱਧ ਚੜ ਕੇ ਵੋਟਾਂ ਪਾਇਏ, ਆਪਣੇ ਗੁਰੂ ਘਰਾਂ ਲਈ ਸੇਵਾਦਾਰ ਖੁੱਦ ਚੁਣਿਏ। ਆਉ ਰੱਲ ਕੇ ਹੰਬਲਾ ਮਾਰਿਏ ਆਪਣੇ ਗੁਰੂ ਘਰ ਆਪ ਸੰਭਾਲਿਏ। ਜੇਕਰ ਸਾਡੇ ਗੁਰੂ ਘਰ ਮਜਬੂਤ ਹੋਣਗੇ ਤਾਂ ਹੀ ਸਾਡੀ ਵਿਲੱਖਣ ਪਹਿਚਾਣ ਮਜਬੂਤ ਹੋਵੇਗੀ। ਇਹ ਸਰਦਾਰ ਕਹਾਉਣਾ ਤੇ ਇਹ ਐਸ.ਜੀ.ਪੀ.ਸੀ ਦੀ ਵੋਟ ਪਾਉਣ ਦੀ ਸਰਦਾਰੀ ਸਿਰਫ ਸਾਡੇ ਸਿੰਘ ਤੇ ਕੌਰ ਕੋਲ ਹੈ। ਆਉ ਮਾਨ ਮਹਿਸੂਸ ਕਰਿਏ ਐਸ.ਜੀ.ਪੀ.ਸੀ ਦੀ ਵੋਟਾਂ ਬਣਾ ਕੇ ਤੇ ਵੋਟਾਂ ਪਾ ਕੇ।
ਰਸ਼ਪਿੰਦਰ ਕੌਰ ਗਿੱਲ
ਜ਼ਿਲਾ ਪ੍ਰਧਾਨ ਇਸਤਰੀ ਵਿੰਗ (ਸ਼੍ਰੀ ਅੰਮ੍ਰਿਤਸਰ ਸਾਹਿਬ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
+91-9888697078