ਅੰਤਰਰਾਸ਼ਟਰੀ ਮਾਤ – ਭਾਸ਼ਾ ਦਿਵਸ ਦੇ ਮੌਕੇ ਵਿਦਿਆਰਥੀਆਂ ਨੂੰ ਮਾਤ – ਭਾਸ਼ਾ ਦੀ ਮਹੱਤਤਾ ਤੋਂ ਕਰਵਾਇਆ ਜਾਣੂੰ

0
44
( ਸ਼੍ਰੀ ਅਨੰਦਪੁਰ ਸਾਹਿਬ )
ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਪੰਜਾਬ ) ਵਿਖੇ ਪ੍ਰਸਿੱਧ ਪੰਜਾਬੀ ਲੇਖਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਅੰਤਰਰਾਸ਼ਟਰੀ ਮਾਤ – ਭਾਸ਼ਾ ਦਿਵਸ ਮੌਕੇ ਮਾਤ – ਭਾਸ਼ਾ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਨੂੰ ਹੋਰ ਭਾਸ਼ਾਵਾਂ ਜਰੂਰ ਸਿੱਖਣੀਆਂ , ਪੜ੍ਹਨੀਆਂ ਤੇ ਸਮਝਣੀਆਂ ਚਾਹੀਦੀਆਂ ਹਨ ; ਜੋ ਕਿ ਸਮੇਂ ਦੀ ਜਰੂਰਤ ਵੀ ਹੈ , ਪਰ ਇਸ ਦੇ ਨਾਲ ਹੀ ਆਪਣੀ ਮਾਤ – ਭਾਸ਼ਾ ਪੰਜਾਬੀ ਨੂੰ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਰੋਜਾਨਾ ਜੀਵਨ ਦਿਨਚਰਿਆ ਵਿੱਚ , ਘਰ , ਸਮਾਜ , ਵਿਆਹਾਂ – ਸ਼ਾਦੀਆਂ , ਸਮਾਰੋਹਾਂ ਅਤੇ ਹੋਰ ਭਾਈਚਾਰਕ ਮਿਲਵਰਤਨ ਦੇ ਸਮੇਂ ਸਾਨੂੰ ਆਪਣੀ ਮਾਤ – ਭਾਸ਼ਾ ਪੰਜਾਬੀ ਨੂੰ ਪਹਿਲ ਦੇ ਅਧਾਰ ‘ਤੇ ਤਵੱਜੋ ਦੇਣੀ ਚਾਹੀਦੀ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਜੋ ਇਨਸਾਨ ਜ਼ਿੰਦਗੀ ਵਿੱਚ ਆਪਣੀ ਮਾਤ – ਭਾਸ਼ਾ ਨੂੰ ਵਿਸਾਰ ਦਿੰਦਾ ਹੈ , ਉਹ ਇਨਸਾਨ ਜੀਵਨ ਵਿੱਚ ਕਦੇ ਵੀ ਸਥਾਈ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਮਾਸਟਰ ਸੰਜੀਵ ਧਰਮਾਣੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਮਾਤ – ਭਾਸ਼ਾ ਦੀ ਬਹੁਤ ਜਰੂਰਤ ਅਤੇ ਮਹੱਤਤਾ ਹੈ। ਇਸ ਮੌਕੇ ਸਵੇਰ ਦੀ ਸਭਾ ਦੇ ਦੌਰਾਨ ਵਿਦਿਆਰਥੀਆਂ ਨੂੰ ਪੰਜਾਬੀ ਲੋਕ – ਸਾਜਾਂ ਤੂੰਬੀ ਅਤੇ ਬੁਘਚੂ ਆਦਿ ਬਾਰੇ ਵੀ ਸੱਭਿਆਚਾਰਕ ਜਾਣਕਾਰੀ ਦਿੱਤੀ ਗਈ। ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਜਿੱਥੇ ਮਾਸਟਰ ਸੰਜੀਵ ਧਰਮਾਣੀ ਖੁਦ ਇੱਕ ਪ੍ਰਸਿੱਧ ਪੰਜਾਬੀ ਲੇਖਕ ਹਨ ਅਤੇ ਕਈ ਪੰਜਾਬੀ ਸਾਹਿਤਕ ਸਭਾਵਾਂ ਨਾਲ ਵੀ ਜੁੜੇ ਹੋਏ ਹਨ ਤੇ ਪੰਜਾਬੀ ਸਾਹਿਤ ਵਿੱਚ ਕੀਤੇ ਕਾਰਜਾਂ ਲਈ ਉਨ੍ਹਾਂ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੋ ਚੁੱਕਾ ਹੈ , ਉੱਥੇ ਹੀ ਉਹ ਆਪਣਾ ਇਹ ਗੁਣ ਪੜ੍ਹਾਈ ਦੇ ਨਾਲ਼ – ਨਾਲ਼ ਆਪਣੇ ਸਕੂਲ ਦੇ ਵਿਦਿਆਰਥੀਆਂ ਵਿੱਚ ਵੀ ਭਰ ਰਹੇ ਹਨ ਅਤੇ ਉਹਨਾਂ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀ ਬਾਲ – ਕਹਾਣੀਆਂ , ਬਾਲ – ਪੇਂਟਿੰਗਜ਼ , ਬਾਲ – ਕਵਿਤਾਵਾਂ ਆਦਿ ਲਿਖਣ ਦੇ ਯੋਗ ਹੋਏ ਹਨ। ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਦੀਆਂ ਬਾਲ  – ਰਚਨਾਵਾਂ ਅੱਜ ਪੰਜਾਬ ਹੀ ਨਹੀਂ ; ਬਲਕਿ ਦੇਸ਼ਾਂ – ਵਿਦੇਸ਼ਾਂ ਵਿੱਚ ਵੀ ਪੰਜਾਬੀ ਅਖਬਾਰਾਂ ਅਤੇ ਪੰਜਾਬੀ ਰਸਾਲਿਆਂ ਦਾ ਸ਼ਿੰਗਾਰ ਬਣ ਰਹੀਆਂ ਹਨ। ਮਾਸਟਰ ਸੰਜੀਵ ਧਰਮਾਣੀ ਨੇ ਜਿੱਥੇ ਆਪ ਕਈ ਪੰਜਾਬੀ ਪੁਸਤਕਾਂ ਲਿਖੀਆਂ ਹਨ , ਉੱਥੇ ਹੀ ਉਹਨਾਂ ਦੇ ਯੋਗ ਮਾਰਗਦਰਸ਼ਨ ਹੇਠ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਵੀ ਪੰਜਾਬੀ ਬਾਲ – ਕਹਾਣੀਆਂ ਅਤੇ ਪੰਜਾਬੀ ਬਾਲ – ਕਵਿਤਾਵਾਂ ਦੀਆਂ ਦੋ ਪੁਸਤਕਾਂ ਵੀ ਲਿਖੀਆਂ ਹਨ। ਮਾਤ – ਭਾਸ਼ਾ ਪੰਜਾਬੀ ਦੇ ਵਿਕਾਸ ਲਈ ਮਾਸਟਰ ਸੰਜੀਵ ਧਰਮਾਣੀ ਇੱਕ ਮਨ ਇੱਕ ਚਿੱਤ ਹੋ ਕੇ ਨਿਸਵਾਰਥ ਭਾਵ ਨਾਲ਼ ਦਿਨ – ਰਾਤ ਸੇਵਾ ਕਰ ਰਹੇ ਹਨ। ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here