ਗੀਤਕਾਰ ਗਿੱਲ ਰੌਂਤਾ ਦੀਆਂ ਫਰਿਜਨੋ ਵਾਲੀਆਂ ਮਹਿਫ਼ਲਾਂ ਯਾਦਗਾਰੀ ਹੋ ਨਿੱਬੜੀਆਂ

0
196

ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੇਫੋਰਨੀਆਂ) -ਪੰਜਾਬੀ ਗੀਤਕਾਰੀ ਵਿੱਚ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਗੀਤਕਾਰ ਗਿੱਲ ਰੌਤਾ ਇਹਨੀਂ ਦਿਨੀਂ ਆਪਣੀ ਅਮਰੀਕਾ ਫੇਰੀ ਤੇ ਹਨ, ਅਤੇ ਆਪਣੇ ਚਾਹੁਣ  ਵਾਲਿਆ ਨੂੰ ਮਿਲ ਰਹੇ ਹਨ। ਇਸੇ ਕੜੀ ਤਹਿਤ ਉਹ ਫਰਿਜ਼ਨੋ ਵਿਖੇ ਟਰਾਂਸਪੋਰਟਰ ਛਿੰਦਾ ਚਾਹਲ  ਕੋਲ ਠਹਿਰੇ ਹੋਏ ਹਨ। ਉਹਨਾਂ ਦੇ ਸਨਮਾਨ ਹਿੱਤ ਫਰਿਜਨੋ ਦੇ ਦੋ ਵੱਖੋ ਵੱਖ ਰੈਸਟੋਰੈਂਟਾਂ ਵਿੱਚ ਉਹਨਾਂ ਦੀਆਂ ਸ਼ਾਇਰੋ ਸ਼ਾਇਰੀ ਦੀਆਂ ਦੋ ਅਲੱਗ ਅਲੱਗ ਮਹਿਫ਼ਲਾਂ ਕਰਵਾਈਆਂ ਗਈਆ। ਪਹਿਲੀ ਮਹਿਫ਼ਲ ਬੇ-ਲੀਫ਼ ਰੈਸਟੋਰੈਂਟ ਵਿਖੇ ਛਿੰਦਾ ਚਾਹਲ, ਕਰਨਦੀਪ ਅਤੇ ਪਰਮ ਅਟਵਾਲ ਦੇ ਉੱਦਮ ਸਦਕੇ ਹੋਈ। ਇਸ ਮੌਕੇ ਫਰਿਜਨੋ ਏਰੀਏ ਦੀਆਂ ਬਹੁਤ ਸਾਰੀਆਂ ਮਾਣ-ਮੱਤੀਆਂ ਸਖਸੀਅਤਾਂ ਪਹੁੰਚੀਆਂ ਹੋਈਆ ਸਨ। ਇਸ ਮਹਿਫ਼ਲ ਦੌਰਾਨ ਜਿੱਥੇ ਗਿੱਲ ਰੌਤੇ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਝੜੀ ਲਾਈ, ਓਥੇ ਨਾਲ ਦੀ ਨਾਲ ਗਾਇਕ ਕੁਲਵੰਤ ਸੇਖੋਂ ਨੇ ਵੀ ਢੋਲੀ ਜ਼ੋਰੇ ਨਾਲ ਢੋਲ ਦੇ ਡੱਗੇ ਤੇ ਖ਼ੂਬ ਰੰਗ ਬੰਨਿਆ। ਰਾਜੇ ਬੁੱਕਣ ਵਾਲੇ ਨੇ ਕਨੇਡਾ ਤੋਂ ਪਹੁੰਚਕੇ ਮਹਿਫ਼ਲ ਨੂੰ ਹੋਰ ਚਾਰ-ਚੰਨ ਲਾਏ।  ਖ਼ਾਦਮ ਜਿਊਲਰਜ਼ ਵੱਲੋ ਸੋਨੇ ਦੀ ਮੁੰਦੀ ਨਾਲ ਗਿੱਲ ਰੌਤੇ ਦਾ ਸਨਮਾਨ ਕੀਤਾ ਗਿਆ।

ਉੱਘੇ ਗੀਤਕਾਰ ਗਿੱਲ ਰੌਤਾ  ਦੀ ਦੂਸਰੀ ਕਾਮਯਾਬ ਪਰਿਵਾਰਕ ਮਹਿਫ਼ਲ ਸ਼ਨੀਵਾਰ ਰਾਤੀਂ  ਬਾਈ ਗੁਰਪ੍ਰੀਤ ਸਿੰਘ ਤੂਰ ਦੇ ਉੱਦਮ ਸਦਕੇ ਫਰਿਜਨੋ ਦੇ ਕਰੀ ਹਾਊਸ ਰੈਸਟੋਰੈਂਟ (ਨੌਰਥ ਪੁਆਇੰਟ ਟੀਵੈਂਟ ਸੈਂਟਰ) ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਈ ਗਈ, ਲੋਕਾਂ ਨੇ ਸਾਹ ਰੋਕਕੇ ਗਿੱਲ ਰੌਤੇ ਨੂੰ ਸੁਣਿਆ, ਗਿੱਲ ਰੌਤੇ ਨੇ ਵੀ ਸ਼ਾਇਰੋ ਸ਼ਾਇਰੀ ਦਾ ਸਿਰਾ ਕਰਵਾ ਦਿੱਤਾ। ਗਿੱਲ ਰੌਤਾ ਨੇ ਪੰਜਾਬ ਦੀ ਮਿੱਟੀ ਨਾਲ ਜੁੜੇ ਗੀਤ ਬੋਲਕੇ ਇੱਕ ਤਰਾਂ ਨਾਲ ਸਮਾਂ ਹੀ ਬੰਨ ਦਿੱਤਾ। “ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ” ਤੋਂ ਲੈਕੇ “ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ” ਆਦਿ ਗੀਤ ਗਾਕੇ ਗਿੱਲ ਰੌਤਾ ਨੇ ਆਪਣੀ ਭਰਵੀ ਹਾਜ਼ਰੀ ਲਵਾਈ। ਇਸ ਦੇ ਨਾਲ ਪੰਜਾਬ ਤੋਂ ਆਏ ਲੋਕ ਗਾਇਕ ਕੁਲਵੰਤ ਸੇਖੋ ਨੇ ਜਿੱਥੇ ਲੋਕਾਂ ਦੇ ਹਸਾ ਹਸਾਕੇ ਢਿੱਡੀ ਪੀੜਾਂ ਪਾਈਆ, ਉੱਥੇ ਆਪਣੀ ਦਮਦਾਰ ਅਵਾਜ਼ ਨਾਲ ਮਿਆਰੀ ਗੀਤਾਂ ਨਾਲ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ। ਅੰਤ ਕਰੀ ਹਾਊਸ ਦੇ ਲਾਜ਼ੀਜ਼ ਖਾਣੇ ਨਾਲ ਅਮਿੱਟ ਯਾਦਾਂ ਛੱਡਦੀ ਇਹ ਪਰਿਵਾਰਕ ਮਹਿਫ਼ਲ ਯਾਦਗਾਰੀ ਹੋ ਨਿੱਬੜੀ।

LEAVE A REPLY

Please enter your comment!
Please enter your name here