ਸਤਿ ਸ੍ਰੀ ਅਕਾਲ ਜੀ।
ਚੌਥੀਆਂ ਤੀਆਂ ਬੀਲੇਫੀਲਡ, ਜਰਮਨੀ
ਨੀ ਚੱਲ ਛੱਡ ਸਾਰੀਆਂ ਗੱਲਾਂ
ਤੀਆਂ ਲੱਗੀਆਂ ਬੀਲੇਫੀਲਡ,
ਨੀ ਮੇਰੇ ਪੈਰ ਚ ਪਈਆਂ ਛੱਲਾਂ,
ਚੱਲ ਜਾ ਕੇ ਨੱਚ ਟੱਪ ਆਈਏ,
ਨਾਲੇ ਭੈਣਾਂ ਨੂੰ ਮਿਲ ਆਈਏ,
ਨਾਲੇ ਦਿਲ ਪਰਚਾ ਆਈਏ।
ਦੇਸ਼ ਪੰਜਾਬ ਅਤੇ ਜਿੱਥੇ ਜਿੱਥੇ ਪੰਜਾਬੀ ਵੱਸਦੇ ਹਨ ਸੌਣ ਮਹੀਨੇ ਵਿੱਚ ਤੀਆਂ ਦੇ ਮੇਲੇ ਜਾਂ ਵਿਰਾਸਤੀ ਮੇਲੇ ਲੱਗਦੇ ਹਨ। ਹਰ ਪਾਸੇ ਮੇਲਾ ਵੱਖ ਵੱਖ ਤਰੀਕਿਆਂ ਨਾਲ ਲਗਾਇਆ ਜਾਂਦਾ ਹੈ। ਕੁਝ ਮੇਲਾ ਪੈਸੇ ਕਮਾਉਣ ਲਈ ਲਗਵਾਉਂਦੇ ਹਨ ਤੇ ਕੁਝ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਲਈ ਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ।
ਜਰਮਨੀ ਦੇ ਸ਼ਹਿਰ ਬੀਲੇਫੀਲਡ ਵਿੱਚ ਪੰਜਾਬਣਾਂ ਵੱਲੋਂ ਚੌਥਾਂ ਤੀਆਂ ਦਾ ਮੇਲਾ ਬੜੇ ਉਤਸ਼ਾਹ ਅਤੇ ਰੌਣਕ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਪੰਜਾਬੀ ਭੈਣਾਂ, ਖ਼ਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਨੇ ਹਿੱਸਾ ਲਿਆ। ਰੰਗ-ਬਰੰਗੇ ਪੰਜਾਬੀ ਸੂਟਾਂ ਅਤੇ ਪਰਾਂਦੀਆਂ ਨਾਲ ਸਜੀਆਂ ਮਹਿਲਾਵਾਂ ਨੇ ਗਿੱਧਾ ਪਾ ਕੇ ਅਤੇ ਲੋਕ ਬੋਲੀਆਂ ਗਾ ਕੇ ਪੰਜਾਬ ਦੇ ਅਮੀਰ ਸੱਭਿਆਚਾਰ ਦੀ ਝਲਕ ਜਰਮਨੀ ਵਿੱਚ ਪੇਸ਼ ਕੀਤੀ।
ਮੇਲੇ ਦੌਰਾਨ ਪੰਜਾਬੀ ਲੋਕ-ਗੀਤ, ਗਿੱਧਾ, ਭੰਗੜਾ, ਮਹਿੰਦੀ, ਰਵਾਇਤੀ ਖਾਣੇ ਅਤੇ ਬੱਚਿਆਂ ਲਈ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦਾ ਵੀ ਪ੍ਰਬੰਧ ਕੀਤਾ ਗਿਆ। ਸਮਾਗਮ ਵਿੱਚ ਪੰਜਾਬੀ ਵਿਰਸੇ, ਭਾਸ਼ਾ ਅਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਸੰਦੇਸ਼ ਦਿੱਤਾ ਗਿਆ। ਤੀਆਂ ਦਾ ਮੇਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਆਪਸੀ ਭਾਈਚਾਰੇ ਅਤੇ ਏਕਤਾ ਦਾ ਪ੍ਰਤੀਕ ਵੀ ਹੁੰਦਾ ਹੈ। ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਲਈ ਅਜਿਹੇ ਸਮਾਗਮ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁੰਦਰ ਮੌਕਾ ਪ੍ਰਦਾਨ ਕਰਦੇ ਹਨ। ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਨਾਲ ਜੁੜਿਆ ਇੱਕ ਰਵਾਇਤੀ ਪੰਜਾਬੀ ਤਿਉਹਾਰ ਹੈ, ਜਿਸ ਵਿੱਚ ਗਿੱਧਾ, ਬੋਲੀਆਂ ਅਤੇ ਖੁਸ਼ੀਆਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਤੋਂ ਵਿਹਲ ਕੱਢ ਕੇ ਸਾਰੀਆਂ ਭੈਣਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਆਪਣੇ ਮਨ ਦੇ ਚਾਅ ਇੱਕ ਦੂਜੀ ਨਾਲ ਸਾਂਝਾ ਕਰਦੀਆਂ ਹਨ। ਇਹਨਾਂ ਪੰਜਾਬੀ ਭੈਣਾਂ ਦੇ ਨਾਲ ਨਾਲ ਜਰਮਨੀ ਵਿੱਚ ਰਹਿੰਦੀ ਇੱਕ ਅਫਰੀਕੀ ਭੈਣ ਨੇ ਵੀ ਮੇਲੇ ਵਿੱਚ ਗਿੱਧਾ ਪਾਇਆ ਤੇ ਆਪਣੇ ਮਨ ਦੇ ਵਲਵਲਿਆਂ ਨੂੰ ਪੰਜਾਬੀ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ। ਭਾਵੇਂ ਉਹ ਪੰਜਾਬੀ ਗੀਤ ਤੇ ਬੋਲੀਆਂ ਨਹੀਂ ਸੀ ਸਮਝ ਸਕਦੀ ਪਰ ਖੁਸ਼ੀ ਵੇਲੇ ਤੇ ਦੁੱਖ ਵੇਲੇ ਹਰ ਇਨਸਾਨ ਮਨ ਦੀਆਂ ਭਾਵਨਾਵਾਂ ਨਾਲ ਜੁੜਿਆ ਹੁੰਦਾ ਹੈ ਇਸ ਲਈ ਬੋਲੀ ਤੋਂ ਵੀ ਉਪਰ ਹੁੰਦਾ ਹੈ ਖੁਸ਼ੀ ਦਾ ਪ੍ਰਗਟਾਵਾ ਜੋ ਉਸ ਬੀਬੀ ਨੇ ਖੂਬ ਕੀਤਾ। ਉਹ ਪੰਜਾਬੀ ਭੈਣਾਂ ਤੋਂ ਵੀ ਜ਼ਿਆਦਾ ਜੋਸ਼ ਵਿੱਚ ਨੱਚਦੀ ਨਜ਼ਰ ਆ ਰਹੀ ਸੀ। ਇਸ ਮੇਲੇ ਦੀ ਖਾਸੀਅਤ ਇਹ ਵੀ ਹੈ ਕਿ ਬੀਲੇਫੀਲਡ ਦੀਆਂ ਭੈਣਾਂ ਆਪਸ ਵਿੱਚ ਰਲ ਮਿਲ ਕੇ ਖਾਣੇ ਦਾ ਪ੍ਰਬੰਧ ਵੀ ਕਰਦੀਆਂ ਹਨ ਤੇ ਮੇਲੇ ਵਾਲੇ ਹਾਲ ਦੀ ਸਜਾਵਟ ਵੀ ਆਪ ਹੀ ਮਿਲ ਕੇ ਕਰਦੀਆਂ ਹਨ।
ਰੱਬ ਕਰੇ ਇਹ ਪੰਜਾਬੀ ਮੇਲੇ ਲੱਗਦੇ ਰਹਿਣ,
ਹਰ ਘਰ ਵਿੱਚ ਔਰਤ ਦਾ ਸਤਿਕਾਰ ਹੋਵੇ,
ਹਰ ਘਰ ਔਰਤ ਨਾਲ ਆਬਾਦ ਹੋਵੇ,
ਹਰ ਘਰ ਦੋਹਾਂ ਜੀਆਂ ਦੀ ਬਹਾਰ ਹੋਵੇ।
ਸਰਬਜੀਤ ਸਿੰਘ ਜਰਮਨੀ







