ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ; ਸਥਾਨਕ ਰਾਮ ਨਗਰ ਬਸਤੀ ਵਿਖੇ ਨਜਾਇਜ ਜਾਇਦਾਦ/ਉਸਾਰੀ ਉੱਤੇ ਚੱਲਿਆ ਪੀਲਾ ਪੰਜਾ

0
4
ਸੰਗਰੂਰ, 18 ਅਪ੍ਰੈਲ, 2026 :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੰਗਰੂਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਇਸ ਮੁਹਿੰਮ ਦੇ ਤਹਿਤ ਅੱਜ ਸਥਾਨਕ ਰਾਮ ਨਗਰ ਬਸਤੀ ਵਿੱਖੇ ਨਜਾਇਜ ਜਾਇਦਾਦ ਦੀ ਉਸਾਰੀ ਤੇ “ਪੀਲਾ ਪੰਜਾ” ਚਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਰਾਮ ਨਗਰ ਬਸਤੀ ਦੀ ਰਹਿਣ ਵਾਲੀ ਕੰਵਲਜੀਤ ਕੌਰ ਉਰਫ ਕਾਲੋਂ ਦੇ ਨਜਾਇਜ਼ ਤੌਰ ‘ਤੇ ਉਸਾਰੇ ਮਕਾਨ ਖ਼ਿਲਾਫ਼ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸ ਐਸ ਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ (ਆਈਪੀਐਸ) ਦੀ ਅਗਵਾਈ ਹੇਠ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਨਸ਼ਾ ਤਸਕਰੀ ਨਾਲ ਜੁੜੇ ਅਪਰਾਧੀਆਂ ‘ਤੇ ਕੜੀ ਕਾਰਵਾਈ ਕੀਤੀ ਜਾ ਰਹੀ ਹੈ।
ਐਸ.ਪੀ. ਵਿਰਕ ਨੇ ਦੱਸਿਆ ਕਿ ਕੰਵਲਜੀਤ ਕੌਰ ਉਰਫ ਕਾਲੋਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ 5 ਮੁਕੱਦਮੇ ਦਰਜ ਹਨ, ਜਦਕਿ ਉਸ ਦੇ ਪਰਿਵਾਰ ਦੇ ਮੈਂਬਰਾਂ ‘ਤੇ ਵੀ ਕੁੱਲ 15 ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਹ ਕਾਰਵਾਈ ਨਸ਼ਾ ਤਸਕਰਾਂ ਨੂੰ ਸਖ਼ਤ ਸੰਦੇਸ਼ ਦੇਣ ਲਈ ਕੀਤੀ ਗਈ ਹੈ ਕਿ ਗੈਰਕਾਨੂੰਨੀ ਧੰਦੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਮੁੜ ਦਹੁਰਾਇਆ ਕਿ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ‘ਤੇ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਅਡੋਲ ਹੈ ਅਤੇ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਦਾ ਸਾਥ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਜਾਣਕਾਰੀ ਸਾਂਝੀ ਕਰਨ

LEAVE A REPLY

Please enter your comment!
Please enter your name here