ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਰਨਾਲਾ-ਸੰਗਰੂਰ ਦੀ ਛਿਮਾਹੀ ਇਕੱਤਰਤਾ ਬੈਠਕ 

0
128
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਰਨਾਲਾ-ਸੰਗਰੂਰ ਦੀ ਛਿਮਾਹੀ ਇਕੱਤਰਤਾ ਬੈਠਕ
ਬਰਨਾਲਾ,
ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਰਨਾਲਾ-ਸੰਗਰੂਰ ਦੀ ਇਕ ਰੋਜ਼ਾ ਛਿਮਾਹੀ ਇਕੱਤਰਤਾ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ ਦੀ ਪ੍ਰਧਾਨਗੀ ਵਿੱਚ ਤੇ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਤੇ ਸੂਬਾ ਆਗੂ ਹੇਮਰਾਜ ਸਟੈਨੋ ਦੀ ਨਿਗਰਾਨੀ ਵਿੱਚ ਹੋਈ ਇਸ ਇਕੱਤਰਤਾ ਵਿੱਚ ਵਿੱਚ ਭਦੌੜ, ਬਰਨਾਲਾ, ਲੌਂਗੋਵਾਲ, ਸਨਾਮ, ਛਾਜਲੀ, ਦਿੜ੍ਹਬਾ, ਸੰਗਰੂਰ ਅਤੇ ਧੂਰੀ ਇਕਾਈਆਂ ਦੇ ਤਰਕਸ਼ੀਲ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਮਾਸਟਰ ਪਰਮਵੇਦ ਨੇ ਮੰਚ ਸੰਚਾਲਨ ਕਰਦਿਆਂ ਸਾਰੀਆਂ ਇਕਾਈਆਂ ਦੇ ਨੁਮਾਇੰਦਿਆਂ ਨੂੰ ਆਪਣੀ ਪੇਸ਼ ਕਰਨ ਵਾਲੀ ਰਿਪੋਰਟ ਵਿਚ ਸ਼ਾਮਿਲ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਬਾਰੇ ਵਿਸਥਾਰਪੂਰਵਕ ਦੱਸਿਆ। ਜ਼ੋਨ ਦੇ ਵਿੱਤ ਮੁਖੀ ਮੁਖੀ ਸੋਹਨ ਸਿੰਘ ਮਾਝੀ ਨੇ ਇਕੱਤਰਤਾ ਵਿੱਚ ਸ਼ਾਮਿਲ ਸਾਰਿਆਂ ਦਾ ਸਵਾਗਤ ਕੀਤਾ ਉਸ ਤੋਂ ਬਾਅਦ ਸਾਰੀਆਂ ਇਕਾਈਆਂ ਦੇ ਨੁਮਾਇੰਦਿਆਂ ਨੇ ਆਪੋ ਆਪਣੇ ਇਕਾਈ ਦੀ ਰਿਪੋਰਟ ਪੇਸ਼ ਕੀਤੀ। ਉਹਨਾਂ ਇਕਾਈ ਵਲੋਂ ਕੀਤੀਆਂ ਸਰਗਰਮੀਆਂ, ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਤ ਜਾਣਕਾਰੀ, ਇਕਾਈ ਦੀਆਂ ਆਪਣੀਆਂ ਮੀਟਿੰਗਾਂ ਤੇ ਜ਼ੋਨ ਮੀਟਿੰਗਾਂ ਵਿੱਚ ਸ਼ਮੂਲੀਅਤ ਤੇ ਤਰਕਸ਼ੀਲਤਾ ਦੇ ਪ੍ਰਚਾਰ ਪ੍ਰਸਾਰ ਲਈ ਸੂਬੇ ਵਲੋਂ ਉਲੀਕੇ ਹਰ ਕਿਸਮ ਦੇ ਪ੍ਰੋਗਰਾਮਾਂ ਦੀ ਕੀਤੀਆ ਸਰਗਰਮੀਆਂ ਦੀ ਕਾਰਗੁਜ਼ਾਰੀ ਪੇਸ਼ ਕੀਤੀ। ਭਦੌੜ ਇਕਾਈ ਦੀ ਗੁਰਪ੍ਰੀਤ ਸ਼ਹਿਣਾ, ਬਰਨਾਲਾ ਇਕਾਈ ਦੀ ਸੋਹਣ ਸਿੰਘ ਮਾਝੀ, ਲੌਂਗੋਵਾਲ ਇਕਾਈ ਦੀ ਜੁਝਾਰ ਸਿੰਘ ਲੌਂਗੋਵਾਲ, ਸੁਨਾਮ ਇਕਾਈ ਦੀ ਦਵਿੰਦਰ ਸਿੰਘ, ਛਾਜਲੀ ਦੀ ਭੀਮ ਰਾਜ, ਦਿੜ੍ਹਬੇ ਦੀ ਨਾਇਬ ਸਿੰਘ ਰਟੋਲਾਂ, ਸੰਗਰੂਰ ਦੀ ਲੈਕਚਰਾਰ ਕ੍ਰਿਸ਼ਨ ਸਿੰਘ ਦੁੱਗਾਂ ਅਤੇ ਧੂਰੀ ਇਕਾਈ ਦੀ ਰਜਿੰਦਰ ਰਾਜੂ ਨੇ ਰਿਪੋਰਟ ਪੇਸ਼ ਕੀਤੀ। ਜ਼ੋਨ ਆਗੂਆਂ ਨੇ ਵੀ ਆਪੋ ਆਪਣੇ ਵਿਭਾਗ ਦੀ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਹੇਮਰਾਜ ਸਟੈਨੋ ਨੇ ਤਰਕਸ਼ੀਲ ਸਾਥੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਆਪਣਾ ਬੌਧਿਕ ਵਿਕਾਸ ਕਰਨ ਦੀ ਕੀਮਤੀ ਸਲਾਹ ਦਿੱਤੀ। ਵਿਸ਼ਵ ਕਾਂਤ ਸੁਨਾਮ ਨੇ ਜਮਹੂਰੀਅਤ ਵਿਸ਼ੇ ਤੇ ਆਪਣੇ ਵਿਚਾਰ ਵਿਸਥਾਰਪੂਰਵਕ ਪ੍ਰਗਟਾਏ। ਮੰਗਲ ਧੂਰੀ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਤਰਕਸ਼ੀਲ ਸੱਭਿਆਚਾਰ ਕੀ ਹੋਵੇ, ਸੋਸ਼ਲ ਮੀਡੀਆ ਨੂੰ ਵਰਤਣ ਦੇ ਨੁਕਤੇ ਤੇ ਤਰਕਸ਼ੀਲ ਦੋਸਤਾਂ ਵੱਲੋਂ ਆਏ ਅੱਡ-ਅੱਡ ਨੁਕਤਿਆਂ ਨੂੰ ਸਪੱਸ਼ਟ ਕਰਦਿਆਂ ਤੇ ਸਵਾਲਾਂ ਦੇ ਜਵਾਬ ਦਿੰਦਿਆਂ ਇਕਾਈ ਤੇ ਜੋਨ ਮੀਟਿੰਗਾਂ ਵਿੱਚ ਤਰਕਸ਼ੀਲ ਸਭਿਆਚਾਰ ਤੇ ਵਿਚਾਰ ਗੋਸ਼ਟੀਆਂ ਕਰਵਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਇਕਾਈ ਮੈਂਬਰਾਂ ਨੂੰ ਜਥੇਬੰਦਕ ਵਿਕਾਸ ਕਰਨ ਬਾਰੇ ਵੀ ਕਾਫੀ ਸੁਝਾਅ ਦਿੱਤੇ। ਜ਼ੋਨ ਮੀਡੀਆ ਮੁਖੀ ਸੀਤਾ ਰਾਮ ਨੇ ਜਿੱਥੇ ਆਪਣੇ ਵਿਭਾਗ ਦੀ ਰਿਪੋਰਟ ਪੇਸ਼ ਕੀਤੀ ਉੱਥੇ ਇਕੱਤਰਤਾ ਦੀ ਸਾਰੀ ਕਾਰਵਾਈ ਨੋਟ ਕੀਤੀ। ਜੋਨ ਦੇ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ ਨਾਇਬ ਸਿੰਘ ਰਟੋਲਾਂ ਨੇ ਜਿੱਥੇ ਮਾਨਸਿਕ ਸਮੱਸਿਆਵਾਂ ਦੇ ਕੇਸ ਹੱਲ ਕਰਨ ਵਿੱਚ ਆ ਰਹੀ ਸਮੱਸਿਆਵਾਂ ਬਾਰੇ ਆਪਣੀ ਗੱਲ ਸਾਂਝੀ ਕੀਤੀ ਉੱਥੇ ਇਕੱਤਰਤਾ ਵਿੱਚ ਸ਼ਾਮਿਲ ਸਾਰਿਆਂ ਦਾ ਧੰਨਵਾਦ ਵੀ ਕੀਤਾ। ਅੰਤ ਵਿੱਚ ਇਕਾਈਆਂ ਨੂੰ ਤਰਕਸ਼ੀਲ ਮੈਗਜ਼ੀਨ ਤੇ ਚੇਤਨਾ ਪਰਖ ਪ੍ਰੀਖਿਆ ਸਬੰਧੀ ਹਰ ਕਿਸਮ ਦੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।

LEAVE A REPLY

Please enter your comment!
Please enter your name here