ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਨੇ ਮਨਾਇਆ ਖੇਤ ਦਿਵਸ

0
5

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਨੇ ਮਨਾਇਆ ਖੇਤ ਦਿਵਸ

*ਖਰਬੂਜ਼ੇ ਦੀ ਨਵੀਂ ਕਿਸਮ “ਪੰਜਾਬਅੰਮ੍ਰਿਤ” ਬਾਰੇ ਦਿੱਤੀ ਜਾਣਕਾਰੀ

ਧੂਰੀ, 23 ਮਈ

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਦੇ ਕ੍ਰਿਸ਼ੀ ਵਿਗਿਆਨ ਕੇਂਦਰ,
ਸੰਗਰੂਰ ਵੱਲੋਂ ਸਬਜ਼ੀ ਵਿਗਿਆਨ
ਵਿਭਾਗ, ਪੀ.ਏ.ਯੂ., ਲੁਧਿਆਣਾ ਦੇ
ਸਹਿਯੋਗ ਨਾਲ ਸ. ਬਲਵਿੰਦਰ ਸਿੰਘ,
ਪਿੰਡ ਭੜੀ ਮਾਨਸਾ, ਤਹਿਸੀਲ ਧੂਰੀ,
ਜ਼ਿਲ੍ਹਾ ਸੰਗਰੂਰ ਦੇ ਖੇਤ ਵਿੱਚ
ਖਰਬੂਜ਼ੇ ਦੀ ਨਵੀਂ ਕਿਸਮ “ਪੰਜਾਬ
ਅੰਮ੍ਰਿਤ” ਨੂੰ ਪ੍ਰੋਤਸ਼ਾਹਿਤ
ਕਰਨ ਲਈ ਖੇਤ ਦਿਵਸ ਮਨਾਇਆ। ਜਿਸ
ਵਿੱਚ ਜ਼ਿਲ੍ਹੇ ਦੇ ਵੱਖ-ਵੱਖ
ਪਿੰਡਾਂ ਦੇ 60 ਤੋਂ ਵੱਧ ਖਰਬੂਜ਼ਾ
ਅਤੇ ਸਬਜ਼ੀ ਉਤਪਾਦਕ ਕਿਸਾਨਾਂ
ਨੇ ਭਾਗ ਲਿਆ।

ਡਾ. ਮਨਦੀਪ ਸਿੰਘ, ਇੰਚਾਰਜ,
ਕੇ.ਵੀ.ਕੇ., ਸੰਗਰੂਰ ਦੀ
ਰਹਿਨੁਮਾਈ ਹੇਠ ਮਨਾਏ ਗਏ ਇਸ ਖੇਤ
ਦਿਵਸ ਦਾ ਮੁੱਖ ਮਕਸਦ
ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ
ਦੇ ਯੋਗਦਾਨ ਦੇ ਨਾਲ-ਨਾਲ ਸਬਜ਼ੀਆਂ
ਦੀਆਂ ਨਵੀਆਂ ਕਿਸਮਾਂ ਅਤੇ
ਉਤਪਾਦਨ ਦੇ ਨਵੇਂ ਢੰਗਾਂ ਬਾਰੇ
ਕਿਸਾਨਾਂ ਨੂੰ ਜਾਗਰੂਕ ਕਰਨਾ
ਸੀ।

ਇਸ ਮੌਕੇ ਪੰਜਾਬ ਐਗਰੀਕਲਚਰਲ
ਯੂਨੀਵਰਸਿਟੀ, ਲੁਧਿਆਣਾ ਤੋਂ ਆਏ
ਵਿਗਿਆਨੀਆਂ ਦੀ ਟੀਮ ਨੇ
ਕਿਸਾਨਾਂ ਨਾਲ ਵਿਸਥਾਰਪੂਰਵਕ
ਵਿਚਾਰ-ਵਟਾਂਦਰਾ ਕੀਤਾ।
ਇਸ ਖੇਤ ਦਿਵਸ ਵਿੱਚ ਉਚੇਚੇ ਤੌਰ
‘ਤੇ ਪਹੁੰਚੇ ਡਾ. ਸਤਪਾਲ ਸ਼ਰਮਾ,
ਮੁਖੀ, ਸਬਜ਼ੀ ਵਿਗਿਆਨ ਵਿਭਾਗ,
ਪੰਜਾਬ ਐਗਰੀਕਲਚਰਲ
ਯੂਨੀਵਰਸਿਟੀ, ਲੁਧਿਆਣਾ ਨੇ
ਕਿਸਾਨਾਂ ਨੂੰ ਫਸਲੀ-ਵਿਭਿੰਨਤਾ
ਵਿੱਚ ਸਬਜ਼ੀਆਂ ਦੇ ਯੋਗਦਾਨ
ਬਾਰੇ ਜਾਗਰੂਕ ਕੀਤਾ। ਉਨ੍ਹਾਂ
ਖਰਬੂਜ਼ੇ ਦੀ ਨਵੀਂ ਕਿਸਮ “ਪੰਜਾਬ
ਅੰਮ੍ਰਿਤ” ਬਾਰੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਇਹ ਕਿਸਮ
ਬੋਬੀ ਹਾਈਬ੍ਰਿਡ ਦੇ ਮੁਕਾਬਲੇ
ਦੀ ਕਿਸਮ ਹੈ। ਇਸ ਦੀ ਖਾਸੀਅਤ ਇਹ
ਹੈ ਕਿ ਇਸ ਕਿਸਮ ਦਾ ਬੀਜ ਕਿਸਾਨ
ਖੁਦ ਤਿਆਰ ਕਰ ਸਕਦੇ ਹਨ ਅਤੇ ਇਸ
ਦਾ ਬੀਜ ਬੋਬੀ ਹਾਈਬ੍ਰਿਡ ਨਾਲੋਂ
ਸਸਤਾ ਪੈਂਦਾ ਹੈ।

ਡਾ. ਸ਼ਰਮਾ ਨੇ ਦੱਸਿਆ ਕਿ ਪੰਜਾਬ
ਅੰਮ੍ਰਿਤ ਕਿਸਮ ਦੀਆਂ ਵੇਲਾਂ
ਦਰਮਿਆਨੀਆਂ ਲੰਬੀਆਂ, ਮਜ਼ਬੂਤ
ਅਤੇ ਗੂੜ੍ਹੇ ਹਰੇ ਪੱਤਿਆਂ
ਵਾਲੀਆਂ ਹੁੰਦੀਆਂ ਹਨ। ਇਸ ਦੇ ਫ਼ਲ
ਅੰਡਾਕਾਰ-ਗੋਲ, ਹਰੇ-ਪੀਲੇ ਅਤੇ
ਜਾਲੀਦਾਰ ਛਿਲਕੇ ਵਾਲੇ ਹੁੰਦੇ
ਹਨ। ਇਸ ਦੇ ਛਿਲਕੇ ਉੱਤੇ ਧਾਰੀਆਂ
ਨਹੀਂ ਹੁੰਦੀਆਂ। ਇਹ ਕਿਸਮ ਸੁਆਦ,
ਗੁਣਵੱਤਾ ਅਤੇ ਮਿਠਾਸ ਵਰਗੇ
ਗੁਣਾਂ ਨਾਲ ਭਰਪੂਰ ਹੈ ਅਤੇ ਇਸ
ਨੂੰ ਲੰਮੇਂ ਸਮੇਂ ਤੱਕ
ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਇਸ ਦਾ ਔਸਤ ਝਾੜ ਲੱਗਭਗ 72 ਕੁਇੰਟਲ
ਪ੍ਰਤੀ ਏਕੜ ਹੈ। ਇਹ ਕਿਸਮ ਨਵੰਬਰ
ਵਿੱਚ ਨੀਵੀਂ ਸੁਰੰਗ ਵਿਧੀ ਵਿੱਚ
ਪਲਾਸਟਿਕ ਮਲਚਿੰਗ ਹੇਠ ਵਿਛਾ ਕੇ
ਬੀਜਣ ਲਈ ਵੀ ਢੁਕਵੀਂ ਹੈ।

ਡਾ .ਦਿਲਪ੍ਰੀਤ ਤਲਵਾੜ, ਪਸਾਰ
ਮਾਹਿਰ, ਸਬਜ਼ੀ ਵਿਗਿਆਨ ਵਿਭਾਗ ਨੇ
ਖਰਬੂਜ਼ੇ ਦੀਆਂ ਉਤਪਾਦਨ ਤਕਨੀਕਾਂ
ਅਤੇ ਖਾਦਾਂ ਦੀ ਸੁਚੱਜੀ ਵਰਤੋਂ
ਬਾਰੇ ਜਾਣਕਾਰੀ ਦਿੱਤੀ।

ਡਾ. ਹਰਪਾਲ ਸਿੰਘ ਭੁੱਲਰ, ਕੀਟ
ਵਿਗਿਆਨੀ ਨੇ ਸਬਜ਼ੀਆਂ ਵਿੱਚ
ਕੀੜੇ-ਮਕੌੜਿਆਂ ਦੀ ਸਰਵਪੱਖੀ
ਰੋਕਥਾਮ ਬਾਰੇ ਕਿਸਾਨਾਂ ਨੂੰ
ਜਾਗਰੂਕ ਕੀਤਾ। ਉਹਨਾਂ ਦੱਸਿਆ
ਕਿ ਸਬਜ਼ੀਆਂ ਵਿੱਚ ਜ਼ਰੂਰਤ ਦੇ
ਹਿਸਾਬ ਨਾਲ ਹੀ ਕੀਟਨਾਸ਼ਕਾਂ ਦੀ
ਵਰਤੋਂ ਕਰਨੀ ਚਾਹੀਦੀ ਹੈ।

ਡਾ. ਅਮਰਜੀਤ ਸਿੰਘ, ਪ੍ਰਮੁੱਖ
ਪਸਾਰ ਵਿਗਿਆਨੀ, ਪੌਦਾ ਰੋਗ
ਵਿਭਾਗ ਨੇ ਕਿਸਾਨਾਂ ਨੂੰ
ਸਬਜ਼ੀਆਂ ਉੱਤੇ ਆਉਣ ਵਾਲੀਆਂ
ਬਿਮਾਰੀਆਂ ਦੇ ਲੱਛਣਾਂ ਅਤੇ
ਇਨ੍ਹਾਂ ਦੀ ਸੁਚੱਜੀ ਰੋਕਥਾਮ
ਬਾਰੇ ਜਾਣਕਾਰੀ ਦਿੱਤੀ।

ਡਾ. ਸਈਅਦ ਪਟੇਲ, ਸਬਜ਼ੀ ਵਿਗਿਆਨੀ
ਨੇ ਮਿਰਚਾਂ ਅਤੇ ਟਮਾਟਰਾਂ ਦੀਆਂ
ਨਵੀਆਂ ਕਿਸਮਾਂ/ ਦੋਗਲੀਆਂ
ਕਿਸਮਾਂ ਬਾਰੇ ਵਡਮੁੱਲੀ
ਜਾਣਕਾਰੀ ਦਿੱਤੀ।

ਡਾ. ਸੁਨੀਲ ਕੁਮਾਰ, ਸਹਾਇਕ
ਪ੍ਰੋਫੈਸਰ (ਖੇਤੀ ਮਸ਼ੀਨਰੀ) ਨੇ
ਸਬਜ਼ੀਆਂ ਦੀ ਖੇਤੀ ਵਿੱਚ
ਮਸ਼ੀਨਾਂ ਦੀ ਵਰਤੋਂ ਬਾਰੇ
ਜਾਣਕਾਰੀ ਦਿੱਤੀ। ਉਹਨਾਂ ਦੱਸਿਆ
ਕਿ ਮਸ਼ੀਨਰੀ ਦੀ ਵਰਤੋਂ ਕਰਨ ਨਾਲ
ਸਮਾਂ ਵੀ ਬਚਦਾ ਹੈ ਅਤੇ ਲੇਬਰ ਵੀ
ਘਟ ਲਗਦੀ ਹੈ।

ਡਾ. ਵਿਤਾਸਤਾ, ਸਹਾਇਕ ਪ੍ਰੋਫੈਸਰ
(ਗ੍ਰਹਿ ਵਿਗਿਆਨ) ਕਿਸਾਨਾਂ ਨੂੰ
ਸਬਜ਼ੀਆਂ ਤੋੜਨ ਉਪਰੰਤ ਉਹਨਾਂ ਦੀ
ਸਾਂਭ- ਸੰਭਾਲ ਅਤੇ ਪ੍ਰੋਸੈਸਿੰਗ
ਬਾਰੇ ਜਾਣਕਾਰੀ ਦਿੱਤੀ।

ਡਾ. ਰਵਿੰਦਰ ਕੌਰ, ਸਹਿਯੋਗੀ
ਪ੍ਰੋਫੈਸਰ (ਬਾਗਬਾਨੀ) ਨੇ ਸਬਜ਼ੀ
ਘਰੇਲੂ ਬਗੀਚੀ ਲਾਉਣ ਬਾਰੇ
ਕਿਸਾਨਾਂ ਨੂੰ ਜਾਗਰੂਕ ਕੀਤਾ।
ਉਹਨਾਂ ਕਿਹਾ ਕਿ ਘਰ ਦੀ ਜ਼ਰੂਰਤ ਲਈ
ਰਸਾਇਣ ਮੁਕਤ ਸਬਜ਼ੀਆਂ ਘਰ ਵਿੱਚ
ਹੀ ਪੈਦਾ ਕਰਕੇ ਬਾਜ਼ਾਰ ‘ਤੇ
ਨਿਰਭਰਤਾ ਘਟਾਉਣੀ ਚਾਹੀਦੀ ਹੈ।

ਡਾ. ਕੁਲਵਿੰਦਰ ਸਿੰਘ, ਬਾਗਬਾਨੀ
ਅਫ਼ਸਰ, ਸੰਗਰੂਰ ਨੇ ਬਾਗਬਾਨੀ
ਕਿੱਤੇ ਵਿੱਚ ਸਰਕਾਰ ਵੱਲੋਂ
ਦਿੱਤੀਆਂ ਜਾਣ ਵਾਲੀਆਂ
ਸਬਸਿਡੀਆਂ ਬਾਰੇ ਜਾਣਕਾਰੀ
ਦਿੱਤੀ। ਪ੍ਰਸ਼ਨ-ਕਾਲ ਦੌਰਾਨ
ਕਿਸਾਨਾਂ ਨੇ ਵਿਗਿਆਨੀਆਂ ਤੋਂ
ਕਈ ਤਰ੍ਹਾਂ ਦੇ ਸੁਆਲ ਪੁੱਛੇ,
ਜਿਨ੍ਹਾਂ ਦੇ ਵਿਗਿਆਨਕ ਤਰੀਕੇ
ਨਾਲ ਤਸੱਲੀਬਖਸ਼ ਜਵਾਬ ਦਿੱਤੇ
ਗਏ।

ਅੰਤ ਵਿੱਚ ਕਿਸਾਨਾਂ ਨੂੰ
ਖਰਬੂਜ਼ੇ ਦੀ ਨਵੀ ਕਿਸਮ “ਪੰਜਾਬ
ਅੰਮ੍ਰਿਤ” ਦੇ ਖੇਤ ਦਾ ਦੌਰਾ
ਕਰਵਾਇਆ ਗਿਆ। ਜਿੱਥੇ ਉਨ੍ਹਾਂ
ਨੇ ਇਸ ਕਿਸਮ ਦੀਆਂ
ਵਿਸ਼ੇਸ਼ਤਾਵਾਂ ਬਾਰੇ ਖੁੱਲ ਕੇ
ਵਿਚਾਰ-ਚਰਚਾ ਕੀਤੀ।
ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ
ਪ੍ਰਕਾਸ਼ਿਤ ਕੀਤੀਆਂ ਸਬਜ਼ੀਆਂ
ਦੀਆਂ ਕਿਤਾਬਾਂ ਵੀ ਦਿੱਤੀਆਂ
ਗਈਆਂ ਤਾਂ ਜੋ ਕਿਸਾਨ ਇਨ੍ਹਾਂ
ਨੂੰ ਪੜ੍ਹ ਕੇ ਇਸ ਤੋਂ ਵੱਧ ਤੋਂ
ਵੱਧ ਫਾਇਦਾ ਲੈ ਸਕਣ।

LEAVE A REPLY

Please enter your comment!
Please enter your name here