ਸਤਿੰਦਰ ਜੈਨ ਨੇ ਖੋਲ੍ਹੀ ਮੁੱਖ ਮੰਤਰੀ ਦੇ ਦਾਅਵਿਆਂ ਦੀ ਪੋਲ

0
263

ਕਿਹਾ – ਚੰਨੀ ਜਦੋਂ ਆਪਣੇ ਹਲਕੇ ਦੇ ਸਿਹਤ ਕੇਂਦਰ ਨਹੀਂ ਸੁਧਾਰ ਸਕੇ, ਪੰਜਾਬ ਦਾ ਕੀ ਸੁਧਾਰ ਕਰਨਗੇ
ਚੰਡੀਗੜ੍ਹ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਪੰਜਾਬ ਵਿੱਚ ਇਲਾਜ ਵਿਵਸਥਾ ਅਤੇ ਸਿਹਤ ਕੇਂਦਰਾਂ ਦੀ ਹਾਲਤ ਦੇਖਣ ਲਈ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਦੌਰਾ ਕੀਤਾ ਅਤੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਦਾ ਪਰਦਾਫ਼ਾਸ਼ ਕੀਤਾ। ਜੈਨ ਸ਼ਨੀਵਾਰ ਸਵੇਰੇ ਪੱਤਰਕਾਰਾਂ ਨਾਲ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੁਰਤਾਪੁਰ ਅਤੇ ਰਤਨਗੜ੍ਹ ਦੇ ਸਿਹਤ ਕੇਂਦਰਾਂ ਵਿੱਚ ਪਹੁੰਚੇ ਅਤੇ ਪੱਤਰਕਾਰਾਂ ਸਾਹਮਣੇ ਚੰਨੀ ਸਰਕਾਰ ਵੱਲੋਂ ਸਿਹਤ ਸੇਵਾਵਾਂ ਬਾਰੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ੍ਹ ਖੋਲ੍ਹੀ। ਸਤਿੰਦਰ ਜੈਨ ਨੇ ਮੁੱਖ ਮੰਤਰੀ ਚੰਨੀ ’ਤੇ ਦੋਸ਼ ਲਾਇਆ ਕਿ ਜਿਵੇਂ ਹੀ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਆਉਣ ਦੀ ਖ਼ਬਰ ਮਿਲੀ ਤਾਂ ਮੁੱਖ ਮੰਤਰੀ ਨੇ ਸਿਹਤ ਕੇਂਦਰ ਹੀ ਬੰਦ ਕਰਵਾ ਦਿੱਤੇ। ਡਿਸਪੈਂਸਰੀਆਂ ਦੇ ਗੇਟਾਂ ’ਤੇ ਜਿੰਦੇ ਲਵਾ ਦਿੱਤੇ ਤਾਂ ਕਿ ਇਨਾਂ ਦੀ ਸਚਾਈ ਪਤਾ ਨਾ ਚੱਲ ਸਕੇ। ਉਨ੍ਹਾਂ ਕਿਹਾ ਕਿ ਡਿਸਪੈਂਸਰੀਆਂ ਦੇ ਪਖ਼ਾਨੇ ਖੁੱਲ੍ਹੇ ਪਏ ਹਨ, ਜੋ ਬਹੁਤ ਹੀ ਗੰਦੇ ਹਨ ਅਤੇ ਇਨਾਂ ਵਿਚੋਂ ਬੁਦਬੂ ਮਾਰਦੀ ਹੈ। ਇੱਕ ਪਖ਼ਾਨਾ ਦਿਖਾਉਦੇ ਹੋਏ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਲੋਕ ਮਾੜੀ ਕਿਸਮਤ ਕਾਰਨ ਇਸ ਨੂੰ ਜਿੰਦਾ ਲਾਉਣਾ ਭੁੱਲ ਗਏ। ਜੈਨ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਚੰਨੀ ਆਪਣੇ ਖੁੱਦ ਦੇ ਹਲਕੇ ਦੇ ਸਿਹਤ ਕੇਂਦਰਾਂ ਦੀ ਹਾਲਤ ਨਹੀਂ ਸੁਧਾਰ ਸਕੇ ਤਾਂ ਉਹ ਪੂਰੇ ਪੰਜਾਬ ਦੀ ਸਿਹਤ ਵਿਵਸਥਾ ਦੀ ਹਾਲਤ ਵਿੱਚ ਕੀ ਸੁਧਾਰ ਕਰਨਗੇ। ਪੰਜਾਬ ਵਿੱਚ ਡਿਸਪੈਂਸਰੀਆਂ ਅਤੇ ਹਸਪਤਾਲਾਂ ਦੇ ਨਾਂਅ ’ਤੇ ਕੇਵਲ ਇਮਾਰਤਾਂ ਹਨ। ਇਨਾਂ ਵਿੱਚ ਨਾ ਡਾਕਟਰ ਹਨ, ਨਾ ਮੈਡੀਕਲ ਸਟਾਫ਼, ਨਾ ਦਵਾਈਆਂ ਅਤੇ ਨਾ ਹੀ ਕੋਈ ਜਾਂਚ ਦੀ ਸਹੂਲਤ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚੰਨੀ ਸਿਹਤ ਸੇਵਾਵਾਂ ਠੀਕ ਕਰਨ ਦੀ ਥਾਂ ਝੂਠੇ ਵਾਅਦੇ ਅਤੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦਿੱਲੀ ਸਰਕਾਰ ਦੀਆਂ ਸਿਹਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਸਤਿੰਦਰ ਜੈਨ ਨੇ ਕਿਹਾ ਕਿ ਇੱਥੋਂ ਦਿੱਲੀ ਬਾਰਡਰ ਜ਼ਿਆਦਾ ਦੂਰ ਨਹੀਂ ਹੈ। ਜਿੱਥੋਂ ਆਮ ਲੋਕ ਗਿਣਤੀ ਕਰ ਸਕਦੇ ਹਨ ਕਿ ਪੰਜਾਬ ਤੋਂ ਦਿੱਲੀ ਵੱਲ ਕਿੰਨੀਆਂ ਐਂਬੂਲੈਸਾਂ ਜਾ ਰਹੀਆਂ ਹਨ ਅਤੇ ਦਿੱਲੀ ਤੋਂ ਪੰਜਾਬ ਵੱਲ ਕਿੰਨੀਆਂ ਐਂਬੂਲੈਸਾਂ ਆ ਰਹੀਆਂ ਹਨ। ਪੰਜਾਬ ਵਾਸੀਆਂ ਨੂੰ ਦਿੱਲੀ ਅਤੇ ਪੰਜਾਬ ਦੀ ਸਿਹਤ ਵਿਵਸਥਾ ਦਾ ਅੰਤਰ ਪਤਾ ਲੱਗ ਜਾਵੇਗਾ। ਸਤਿੰਦਰ ਜੈਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨ ਉਪਰੰਤ ਹਰ ਪਿੰਡ ਵਿੱਚ ਕਲੀਨਿਕ ਖੋਲ੍ਹੇ ਜਾਣਗੇ ਅਤੇ ਇਨਾਂ ਕਲੀਨਿਕਾਂ ਵਿੱਚ ਹਰ ਸਮੇਂ ਤਿੰਨ ਚੀਜ਼ਾਂ ਜਰੂਰ ਮਿਲਣਗੀਆਂ ਜਿਵੇਂ, ਮਾਹਰ ਡਾਕਟਰ, ਮੁਫ਼ਤ ਦਵਾਈਆਂ ਅਤੇ 200 ਤੋਂ ਜ਼ਿਆਦਾ ਮੁਫ਼ਤ ਟੈਸਟ ਦੀ ਸਹੂਲਤ। ਮਾਰਚ 2022 ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਪੈਸੇ ਖ਼ਰਚ ਕੇ ਵੱਡੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਲੋਕਾਂ ਦੇ 85 ਫ਼ੀਸਦੀ ਤੋਂ ਜ਼ਿਆਦਾ ਇਲਾਜ ਪਿੰਡ ਦੇ ਕਲੀਨਿਕ ਵਿੱਚ ਹੀ ਹੋਣਗੇ।

LEAVE A REPLY

Please enter your comment!
Please enter your name here