ਸੁੱਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਿਆ ਹੈ, ਇਸ ਨਾਲ ਪੰਜਾਬ ਦੇ ਖਜ਼ਾਨੇ ਨੂੰ 108 ਕਰੋੜ ਦਾ ਨੁਕਸਾਨ ਹੋਇਆ ਹੈ – ਆਪ

0
34

ਬਾਦਲ ਨੇ ਸੱਤਾ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਅਤੇ ਪਰਿਵਾਰਕ ਕਾਰੋਬਾਰ ਲਈ ਕੀਤੀ – ਮਲਵਿੰਦਰ ਸਿੰਘ ਕੰਗ

ਜਦੋਂ ਬਾਦਲ ਨੇ ਐਸਵਾਈਐਲ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਤਾਂ ਬਦਲੇ ਵਿੱਚ ਉਨ੍ਹਾਂ ਨੂੰ ਗੁੜਗਾਉਂ ਵਿੱਚ ਪੰਜ ਤਾਰਾ ਹੋਟਲ ਲਈ ਜ਼ਮੀਨ ਮਿਲੀ, ਜਦੋਂ ਐਸਵਾਈਐਲ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਉਨ੍ਹਾਂ ਦੇ ਬਾਲਾਸਰ ਦੇ ਫਾਰਮ ਨੂੰ ਹੋਰ ਪਾਣੀ ਮਿਲਿਆ – ਕੰਗ

ਬਾਦਲ ਪਰਿਵਾਰ ਨੇ ਪੰਜਾਬ ਦਾ ਪਾਣੀ, ਜ਼ਮੀਨ, ਜੰਗਲ ਅਤੇ ਟਰਾਂਸਪੋਰਟ ਆਪਣੇ ਫਾਇਦੇ ਲਈ ਵਰਤੀ, ਇਹਨਾਂ ਨੇ ਗੁਰਬਾਣੀ ਨੂੰ ਵੀ ਨਹੀਂ ਬਖਸ਼ਿਆ – ਕੰਗ

ਚੰਡੀਗੜ੍ਹ, 1 ਮਾਰਚ

ਸੁਖਵਿਲਾਸ ਹੋਟਲ ਮੁੱਦੇ ‘ਤੇ ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਫਿਰ ਹਮਲਾ ਬੋਲਿਆ ਹੈ।  ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਾਦਲ ਪਰਿਵਾਰ ਸਰਕਾਰੀ ਸਹੂਲਤਾਂ ਦਾ ਆਦਤਨ ਲਾਭਪਾਤਰੀ ਹੈ।

ਸ਼ੁੱਕਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਕੰਗ ਨੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਸੱਤਾ ਦੀ ਵਰਤੋਂ ਆਪਣੇ ਨਿੱਜੀ ਮੁਫ਼ਾਦਾਂ ਅਤੇ ਪਰਿਵਾਰਕ ਕਾਰੋਬਾਰ ਲਈ ਕੀਤੀ ਹੈ।  ਸੁਖ ਵਿਲਾਸ ਹੋਟਲ ਇਸਦਾ ਇੱਕ ਉਦਾਹਰਣ ਹੈ।  ਉਨਾਂ ਨੇ ਹਰ ਸਰਕਾਰੀ ਮਹਿਕਮੇ ਵਿੱਚ ਅਜਿਹਾ ਕੀਤਾ ਹੈ।

ਕੰਗ ਨੇ ਇਸ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ 1977 ਵਿੱਚ ਐਸਵਾਈਐਲ ਨਹਿਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਬਦਲੇ ਵਿੱਚ ਉਨ੍ਹਾਂ ਨੂੰ ਹਰਿਆਣਾ ਸਰਕਾਰ ਤੋਂ ਗੁੜਗਾਉਂ ਵਿੱਚ ਪੰਜ ਤਾਰਾ ਹੋਟਲ ਲਈ ਜ਼ਮੀਨ ਮਿਲੀ ਸੀ।  1997 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਨੇ ਐਸ.ਵਾਈ.ਐਲ ਦੇ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਤਾਂ ਉਨ੍ਹਾਂ ਨੂੰ ਬਾਲਾਸਰ ਦੇ ਖੇਤਾਂ ਨੂੰ ਵੱਧ ਤੋਂ ਵੱਧ ਪਾਣੀ ਪਹੁੰਚਾਉਣ ਦਾ ਲਾਭ ਮਿਲਿਆ ਤਾਂ ਜੋ ਉਨ੍ਹਾਂ ਦੀ ਖੇਤੀ ਵਿੱਚ ਕੋਈ ਮੁਸ਼ਕਲ ਨਾ ਆਵੇ।

ਇਹਨਾਂ ਲੋਕਾਂ ਨੇ ਗੁਰਬਾਣੀ ਵੀ ਨਹੀਂ ਛੱਡੀ।  ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਵੀ ਸੀਮਤ ਕਰ ਲਿਆ ਅਤੇ ਇਸ ਤੋਂ ਲਾਭ ਕਮਾਇਆ।  ਇਸਦਾ ਏਕਾਧਿਕਾਰ ਉਸਦੇ ਚੈਨਲ ਪੀ.ਟੀ.ਸੀ.ਨੂੰ ਸੀ,  ਕਿਸੇ ਹੋਰ ਚੈਨਲ ਨੂੰ ਇਸ ਦੇ ਪ੍ਰਸਾਰਣ ਦਾ ਅਧਿਕਾਰ ਨਹੀਂ ਸੀ।  ਜੇਕਰ ਹੋਰ ਚੈਨਲਾਂ ਨੂੰ ਵੀ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਮਿਲ ਜਾਂਦਾ ਤਾਂ ਐਸਜੀਪੀਸੀ ਨੂੰ ਕਰੋੜਾਂ ਰੁਪਏ ਮਿਲਦੇ।

ਇਸ ਤਰ੍ਹਾਂ ਉਸ ਨੇ ਆਪਣਾ ਟਰਾਂਸਪੋਰਟ ਦਾ  ਕਾਰੋਬਾਰ ਖੜਾ ਕੀਤਾ। ਆਪਣੇ ਫਾਇਦੇ ਲਈ ਉਹ ਟਰਾਂਸਪੋਰਟ ਨੀਤੀ ਲੈ ਕੇ ਆਏ, ਜਿਸ ਵਿਚ ਪ੍ਰਾਈਵੇਟ ਬੱਸਾਂ ‘ਤੇ ਘੱਟ ਟੈਕਸ ਅਤੇ ਸਰਕਾਰੀ ਬੱਸਾਂ ‘ਤੇ ਜ਼ਿਆਦਾ ਟੈਕਸ ਲਗਾਇਆ ਗਿਆ ਸੀ।  ਉਸ ਨੀਤੀ ਵਿੱਚ ਟਰਾਂਸਪੋਰਟ ਵਿਭਾਗ ਦੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਜਿਸ ਦਾ ਸਿੱਧਾ ਫਾਇਦਾ ਉਨਾਂ ਦੀ ਟਰਾਂਸਪੋਰਟ ਕੰਪਨੀ ਨੂੰ ਹੋਇਆ।

ਇੱਥੋਂ ਤੱਕ ਕਿ ਸੁਖਵਿਲਾਜ਼ ਹੋਟਲ ਮਾਮਲੇ ਵਿੱਚ ਵੀ ਉਨਾਂ ਨੇ ਆਪਣੀ ਤਾਕਤ ਦੀ ਵਰਤੋਂ ਆਪਣੇ ਫਾਇਦੇ ਲਈ ਕੀਤੀ।  ਜੰਗਲਾਤ ਕਾਨੂੰਨਾਂ ਦੀ ਅਣਦੇਖੀ ਕਰਦਿਆਂ ਉਸ ਨੇ ਪੰਜ ਤਾਰਾ ਹੋਟਲ ਬਣਾ ਕੇ ਸਰਕਾਰ ਤੋਂ ਟੈਕਸ ਅਤੇ ਬਿਜਲੀ ਦੇ ਬਿੱਲ ਮੁਆਫ਼ ਕਰਵਾ ਲਏ, ਜਿਸ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਕਰੀਬ 108 ਕਰੋੜ ਰੁਪਏ ਦਾ ਚੂਨਾ ਲਾਇਆ।  ਉਨ੍ਹਾਂ ਕਿਹਾ ਕਿ ਸੁਖਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਿਆ ਹੈ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆਂ ਪੰਜਾਬ ਦਾ ਕੋਈ ਵਸੀਲਾ ਨਹੀਂ ਛੱਡਿਆ।  ਉਨ੍ਹਾਂ ਨੇ ਪੰਜਾਬ ਦੇ ਪਾਣੀ, ਜ਼ਮੀਨ, ਜੰਗਲ, ਟਰਾਂਸਪੋਰਟ ਅਤੇ ਇੱਥੋਂ ਤੱਕ ਕਿ ਗੁਰਬਾਣੀ ਨੂੰ ਵੀ ਆਪਣੇ ਫਾਇਦੇ ਲਈ ਵਰਤਿਆ।  ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਉਣ।  ਇਨ੍ਹਾਂ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਕਾਰੋਬਾਰ ਚਲਾਉਣਾ ਹੈ।

LEAVE A REPLY

Please enter your comment!
Please enter your name here