12 ਅਗਸਤ ਸ਼ਹੀਦ ਕਿਰਨਜੀਤ ਦਾ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਆਗੂ ਟੀਮ ਨੇ ਠੁੱਲੀਵਾਲ ਅਤੇ ਮਾਂਗੇਵਾਲ ਵਿਖੇ ਮੀਟਿੰਗਾਂ ਆਯੋਜਿਤ
12 ਅਗਸਤ ਸ਼ਹੀਦ ਕਿਰਨਜੀਤ ਦਾ 27ਵੇਂ ਯਾਦਗਾਰੀ ਸਮਾਗਮ ਦੀਆਂ ਤਿਆਰੀਆਂ
ਯਾਦਗਾਰ ਕਮੇਟੀ ਦੀ ਅਗਵਾਈ ਹੇਠ ਆਗੂ ਟੀਮ ਨੇ ਠੁੱਲੀਵਾਲ ਅਤੇ ਮਾਂਗੇਵਾਲ ਵਿਖੇ ਮੀਟਿੰਗਾਂ ਆਯੋਜਿਤ
ਦਲਜੀਤ ਕੌਰ
ਮਹਿਲਕਲਾਂ, 4 ਅਗਸਤ, 2024: ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ 27ਵਾਂ ਯਾਦਗਾਰੀ ਸਮਾਗਮ 12 ਅਗਸਤ ਦਾਣਾ ਮੰਡੀ ਮਹਿਲ ਕਲਾਂ ਵਿਖੇ ਮਨਾਇਆ ਜਾ ਰਿਹਾ ਹੈ। ਮੌਜੂਦਾ ਚੁਣੌਤੀਆਂ ਦੇ ਪ੍ਰਸੰਗ ਵਿੱਚ ਇਸ ‘ਜ਼ਬਰ ਖ਼ਿਲਾਫ਼ ਸੰਘਰਸ਼ ਰਾਹੀਂ ਟਾਕਰੇ’ ਦੇ ਲੋਕ ਘੋਲ ਦੀ ਪ੍ਰਸੰਗਕਤਾ ਦੇ ਵਿਸ਼ੇ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਉਲੀਕੀ ਮੁਹਿੰਮ ਵਜੋਂ ਭਾਕਿਯੂ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਵੱਲ਼ੋਂ ਪਿੰਡ ਠੁੱਲੀਵਾਲ ਅਤੇ ਮਾਂਗੇਵਾਲ ਵਿਖੇ ਮੁਹਿੰਮ ਦੀ ਲਗਾਤਾਰਤਾ ਵਜੋਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਕਿਸਾਨ-ਮਜਦੂਰ ਔਰਤ ਕਾਰਕੁਨਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਮੀਟਿੰਗਾਂ ਤੋਂ ਪਹਿਲਾਂ ਵਿੱਚ ਘਰ ਘਰ ਜਾ ਕੇ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਕਾਫ਼ਲੇ ਬੰਨ੍ਹ ਕੇ ਪੁੱਜਣ ਦਾ ਟੀਮ ਦੁਆਰਾ ਹੱਥ ਪਰਚੇ ਵੰਡੇ ਗਏ। ਸਟੇਜ ਸਕੱਤਰ ਦੀ ਭੂਮਿਕਾ ਇਨਕਲਾਬੀ ਕੇਂਦਰ ਦੇ ਜਿਲ੍ਹਾ ਆਗੂ ਸੁਖਵਿੰਦਰ ਠੀਕਰੀਵਾਲਾ ਦੁਆਰਾ ਬਾਖ਼ੂਬੀ ਨਿਭਾਈ ਗਈ। ਸਮਾਗਮ ਦੀ ਸ਼ੁਰੂਆਤ ਲਖਵਿੰਦਰ ਠੀਕਰੀਵਾਲਾ ਅਤੇ ਅਜਮੇਰ ਕਾਲਸਾਂ ਦੇ ਇਨਕਲਾਬੀ ਗੀਤਾਂ ਨਾਲ ਹੋਈ।
ਇਸ ਮੌਕੇ ਇਨਕਲਾਬੀ ਕੇਂਦਰ ਦੇ ਨੌਜਵਾਨ ਬੁਲਾਰੇ ਹਰਪ੍ਰੀਤ ਨੇ ਮੁਲਕ ਸਮੇਤ ਪੂਰੀ ਦੁਨੀਆਂ ਵਿੱਚ ਸਮਾਜ ਵਿੱਚ ਆਰਥਿਕ, ਰਾਜਨੀਤਕ, ਸੱਭਿਆਚਰਕ ਗਿਰਾਵਟਾਂ ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਅਨੇਕਾਂ ਉਦਾਹਰਣਾਂ ਸਮੇਤ ਲੋਕਾਂ ਨਾਲ ਵਿਚਾਰ ਚਰਚਾ ਕੀਤੀ। ਟੀਐੱਸਯੂ ਆਗੂ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਨੇ ਔਰਤਾਂ ਉੱਪਰ ਹੁੰਦੇ ਜਬਰ ਦੀ ਨਿਸ਼ਾਨਦੇਹੀ ਔਰਤਾਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਮਹਿਫੂਜ਼ ਨਹੀਂ ਹਨ। ਉਹ ਭਾਵੇਂ ਮਹਿਲਕਲਾਂ ਹੋਵੇ, ਮਨੀਪੁਰ ਹੋਵੇ ਭਾਵੇਂ ਫ਼ਲਸਤੀਨ ਹੋਵੇ। ਇਸ ਜਬਰ ਲਈ ਸੰਸਾਰ ਸਾਮਰਾਜੀ ਪ੍ਰਬੰਧ ਨੂੰ ਔਰਤਾਂ ਉੱਪਰ ਹੁੰਦੇ ਜਬਰ ਲਈ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਸਾਨੂੰ ਹਰ ਕਿਸਮ ਦੀ ਲੁੱਟ-ਖਸੁੱਟ ਤੇ ਜ਼ਬਰ ਤੋਂ ਮੁਕਤ ਇੱਕ ਨਵਾਂ ਨਰੋਆ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਮਹਿਲ ਕਲਾਂ ਦੇ ਇਸ ਲੋਕ ਘੋਲ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਨਕਲਾਬੀ ਕੇਂਦਰ ਦੇ ਨੌਜਵਾਨ ਬੁਲਾਰੇ ਜਗਮੀਤ ਨੇ ਕਿਹਾ ਕਿ ਸਾਨੂੰ ‘ਮਹਿਲ ਕਲਾਂ ਲੋਕ ਘੋਲ ਦਾ ਪੈਗ਼ਾਮ ਜਾਰੀ ਰੱਖਣਾ ਹੈ ਸੰਗਰਾਮ’ ਦੇ ਨਾਹਰੇ ਨੂੰ ਦ੍ਰਿੜ੍ਹਤਾ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਘੋਲ ਨੇ ਜ਼ਬਰ ਦੇ ਵਿਰੁੱਧ ਸਾਂਝੇ ਸੰਘਰਸ਼ ਰਾਹੀਂ ਵਿਸ਼ਾਲ ਏਕਤਾ ਉਸਾਰਦੇ ਹੋਏ ਟਾਕਰਾ ਕਰਦੇ ਹੋਏ ਅਣਗਾਹੇ ਰਸਤਿਆਂ ਦੇ ਪੈੜਾਂ ਪਾ ਕੇ ਇੱਕ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਮਹਿਲ ਕਲਾਂ ਘੋਲ ਹੁਣ ‘ਔਰਤ ਮੁਕਤੀ ਦਾ ਚਿੰਨ’ ਬਣ ਚੁੱਕਾ ਹੈ ਤੇ ਹੋਰ ਭਵਿੱਖ ਵਿੱਚ ਲੜੇ ਜਾਣ ਵਾਲੇ ਹੋਰਨਾਂ ਸੰਘਰਸ਼ਾਂ ਲਈ ਵੀ ਰਾਹ ਦਸੇਰਾ ਬਣਿਆ ਰਹੇਗਾ।
ਕਿਸਾਨ ਆਗੂਆਂ ਜਗਰਾਜ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ ਅਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਅੱਜ ਮੋਦੀ ਦੀ ਫ਼ਾਸ਼ੀ ਹਕੂਮਤ ਬਹੁਤ ਵਿਦਵਾਨ ਅਤੇ ਲੋਕ ਹਿੱਤਾਂ ਨੂੰ ਪ੍ਰਣਾਈ ਪੁਰਸਕਾਰ ਪੈੱਨ ਪਿੰਟਰ ਪੁਰਸਕਾਰ ਨਾਲ ਸਨਮਾਨਿਤ ਲੇਖਿਕਾ ਅਰੁੰਧਤੀ ਰਾਏ ਵਾਂਗ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੀਆਂ ਔਰਤਾਂ ਨੂੰ ਜੇਲ੍ਹੀਂ ਡੱਕ ਕੇ ਆਪਣਾ ਮਨੂ-ਸਮ੍ਰਿਤੀ ਰਾਜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਨਵੇਂ ਫੌਜ਼ਦਾਰੀ ਕਾਨੂੰਨ ਲੋਕ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਲਈ ਗਲੇ ਦਾ ਫੰਦਾ ਸਾਬਤ ਹੋਣਗੇ। ਇਸ ਲਈ ਲੋਕਾਂ ਨੂੰ ਇਸ ਘੋਲ ਤੋਂ ਅਜਿਹੇ ਕਾਲੇ ਕਾਨੂੰਨਾਂ ਖਿਲਾਫ਼ ਵਿਸ਼ਾਲ ਤੇ ਸਾਂਝੀ ਲਾਮਬੰਦੀ ਕਰਨ ਦੀ ਸਿਆਸੀ ਸੂਝ ਹਾਸਿਲ ਕਰਨੀ ਚਾਹੀਦੀ ਹੈ। ਅਖ਼ੀਰ ਵਿੱਚ ਪਹੁੰਚੇ ਹੋਏ ਪਿੰਡ ਵਾਸੀਆਂ ਦਾ ਧੰਨਵਾਦ ਨੌਜਵਾਨ ਕਿਸਾਨ ਆਗੂ ਗੁਰਦੇਵ ਸਿੰਘ ਮਾਂਗੇਵਾਲ ਅਤੇ ਨੇ ਕਰਦੇ ਹੋਏ ਅਪੀਲ ਕੀਤੀ ਕਿ ਜਥੇਬੰਦੀਆਂ ਵੱਲੋਂ ਲੜੇ ਜਾਨ ਵਾਲੇ ਆਰਥਿਕ ਮੰਗਾਂ ਮਸਲਿਆਂ ਦੇ ਸੰਘਰਸ਼ ਦੇ ਨਾਲੋ ਨਾਲ ਲੋਕਾਈ ਨੂੰ ਹੋਰਨਾਂ ਸਮਾਜਿਕ ਤੇ ਰਜਨੀਤਕ ਸ਼ੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਾਨੂੰ ਲੋਕਾਂ ਦੀ ਪੁੱਗਤ ਵਾਲਾ ਇੱਕ ਨਵੀਂ ਕਿਸਮ ਦੀ ਜਮਹੂਰੀਅਤ ਵਾਲਾ ਸਮਾਜ ਸਿਰਜਣ ਦੀ ਜੱਦੋ-ਜਹਿਦ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ। ਉਨ੍ਹਾਂ 12 ਅਗਸਤ ਨੂੰ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਯਾਦਗਾਰ ਕਮੇਟੀ ਦੇ ਨਾਮ ਥੱਲੇ ਬਣੇ ਫਲੈਕਸ ‘ਦੁਨੀਆਂ ਪੱਧਰ ਦੀਆਂ ਮਹਾਨ ਔਰਤਾਂ’ ਅਤੇ ‘ਔਰਤਾਂ ਉੱਪਰ ਜ਼ਬਰ ਦੇ ਅੰਕੜੇ’ ਖਿੱਚ ਦਾ ਵਿਸ਼ੇਸ ਖਿੱਚ ਦਾ ਕੇਂਦਰ ਬਣੇ ਰਹੇ। ਔਰਤ ਆਗੂਆਂ ਜਸਦੀਪ ਕੌਰ, ਤਮੰਨਾ ਕੁਰੜ ਨੇ ਵੀ ਵਿਚਾਰ ਪੇਸ਼ ਕੀਤੇ।
ਇਨ੍ਹਾਂ ਮੀਟਿੰਗਾਂ ਨੂੰ ਸਫ਼ਲ ਬਨਾਉਣ ਵਿੱਚ ਰਾਮ ਸਿੰਘ ਸੋਹੀ, ਗੁਰਮੇਲ ਸਿੰਘ, ਜਗਤਾਰ ਸਿੰਘ, ਭੋਲਾ ਸਿੰਘ, ਸਤਵੰਤ ਸਿੰਘ, ਪਰਮਜੀਤ ਕੌਰ, ਬਲਵੀਰ ਸਿੰਘ, ਸੇਵਕ ਸਿੰਘ, ਮਾਨ ਸਿੰਘ,ਆਤਮਾ ਸਿੰਘ, ਪਰਦੀਪ ਕੌਰ, ਬਲਜੀਤ ਕੌਰ, ਮਹਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।