ਬੱਚਿਆਂ ਨੂੰ ਕਲਾ ਦੀ ਚੇਟਕ ਲਾਉਣ ਲਈ ਸਖ਼ਸ਼ੀਅਤ ਉਸਾਰੀ ਦਾ ਉਪਰਾਲਾ
ਦਲਜੀਤ ਕੌਰ
ਲਹਿਰਾਗਾਗਾ, 1 ਅਗਸਤ, 2024: ਪਿਛਲੇ ਪੰਜ ਦਿਨਾਂ ਤੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਚੱਲ ਰਿਹਾ 27ਵਾਂ 5 ਰੋਜ਼ਾ ‘ਬਾਲ ਸਖ਼ਸ਼ੀਅਤ ਉਸਾਰੀ ਕੈਂਪ’ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਵਾਤਾਵਰਨ ਨੂੰ ਸਮਰਪਿਤ ਕੀਤੇ ਇਸ ਵਿਸ਼ਾਲ-ਕੈਂਪ ਦੌਰਾਨ ਕਰੀਬ 2000 ਬੱਚਿਆਂ ਨੇ ਭਾਗ ਲਿਆ।
ਇਸ ਕੈਂਪ ਦੌਰਾਨ ਬੱਚਿਆਂ ਨੇ ਰੰਗਮੰਚ, ਚਿੱਤਰਕਾਰੀ, ਘੋੜਸਵਾਰੀ, ਮਿੱਟੀ ਦੇ ਖਿਡੌਣੇ ਅਤੇ ਭਾਂਡੇ ਬਣਾਉਣਾ, ਦਸਤਾਵੇਜ਼ੀ-ਫਿਲਮਾਂਕਣ, ਗੀਤ-ਸੰਗੀਤ, ਮਾਰਸ਼ਲ-ਆਰਟ, ਡਿਜ਼ਾਈਨ-ਵਰਕਸ਼ਾਪ ਅਤੇ ਮੰਚ-ਸੰਚਾਲਨ ਸਮੇਤ 11 ਕਲਾਵਾਂ ਨੂੰ ਸਿੱਖਣ ਲਈ ਯਤਨ ਕੀਤੇ। ਜਿੱਥੇ ਹਰ ਰੋਜ਼ ਬੱਚੇ ਤੈਅ ਕੀਤੇ ਰੰਗ ਦੇ ਕੱਪੜੇ ਪਾਉਂਦੇ ਸਨ, ਨਾਲ ਹੀ ਮੱਡ-ਗੇਮ ਵਿੱਚ ਉਤਸ਼ਾਹ ਨਾਲ ਭਾਗ ਲੈਂਦੇ ਰਹੇ। ਇਹ ਖੇਡ ਸਭ ਤੋਂ ਵੱਧ ਖਿੱਚ ਦਾ ਕਾਰਣ ਬਣੀ ਰਹੀ।
ਯਸ਼ ਸੰਗਰੂਰ ਦੀ ਨਿਰਦੇਸ਼ਨਾ ਹੇਠ ਬੱਚਿਆਂ ਨੇ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ। ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਮੈਡਮ ਅਮਨ ਢੀਂਡਸਾ ਨੇ ਕਿਹਾ ਕਿ ਭਾਵੇਂ ਇਸ ਵਾਰ ਜੂਨ ਮਹੀਨੇ ਪੰਜਾਬ-ਸਰਕਾਰ ਦੀਆਂ ਹਦਾਇਤਾਂ ਨੂੰ ਵੇਖਦਿਆਂ 10 ਦਿਨਾਂ ਦਾ ਕੈਂਪ ਨਹੀਂ ਲਗਾਇਆ ਜਾ ਸਕਿਆ। ਪ੍ਰੰਤੂ ਇਹਨਾਂ ਪੰਜ ਦਿਨਾਂ ਦੌਰਾਨ ਇਸ ਖੱਪੇ ਨੂੰ ਭਰਨ ਦਾ ਸੁਹਿਰਦ ਯਤਨ ਕੀਤਾ ਗਿਆ। ਉਹਨਾਂ ਕਿਹਾ ਕਿ ਬਿਨਾਂ ਕਿਸੇ ਫੀਸ ਤੋਂ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਇਸ ਕੈਂਪ ਵਿੱਚ ਮੌਕਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸੀਬਾ ਦਾ ‘ਸਿਰਜਣਾ’ ਕੈਂਪ ਪੰਜਾਬ ਦਾ ਸਭ ਤੋਂ ਵਿਸ਼ਾਲ-ਕੈਂਪ ਹੈ। ਕੈਂਪ ਦੌਰਾਨ ਹੁੰਦੀਆਂ ਗਤੀਵਿਧੀਆਂ ਨੂੰ ਫੈਡਰੇਸ਼ਨ ਆਫ਼ ਸਕੂਲ ਐਸ਼ੋਸੀਏਸ਼ਨ ਆਫ਼ ਪੰਜਾਬ ਨੇ ਵੀ ਸਲਾਹਿਆ ਹੈ।
ਕੈਂਪ ਕੋਆਰਡੀਨੇਟਰ ਹਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ ਨੇ ਕਿਹਾ ਕਿ ਭਾਵੇਂ ਇਹਨਾਂ 5 ਦਿਨਾਂ ਵਿੱਚ ਬੱਚੇ ਕਿਸੇ ਕਲਾ ਵਿੱਚ ਸੰਪੂਰਨ ਤਾਂ ਨਹੀਂ ਹੋ ਜਾਂਦੇ, ਪਰ ਉਹ ਜ਼ਿੰਦਗੀ ਦੀ ਪਹਿਲੀ ਪੌੜੀ ਉੱਪਰ ਹੀ ਆਪਣੀ ਸ਼ਖ਼ਸੀਅਤ ਨੂੰ ਨਿਖਾਰਣਾ ਜਰੂਰ ਸਿੱਖ ਲੈਂਦੇ ਹਨ।