29 ਸਕੂਲੀ ਬੱਸਾਂ ਦੇ ਕੱਟੇ ਚਲਾਨ, ਵਾਹਨ ਚਾਲਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼

0
135

ਦਲਜੀਤ ਕੌਰ -ਸੰਗਰੂਰ, 8 ਜੁਲਾਈ, 2024: ਵਧੀਕ ਡਾਇਰੈਕਟਰ ਜਨਰਲ ਪੁਲਿਸ, ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਏ.ਐਸ. ਰਾਏ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਅੱਜ ਜ਼ਿਲਾ ਸੰਗਰੂਰ ਪੁਲਿਸ ਵੱਲੋਂ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸਕੂਲੀ ਵਾਹਨਾਂ ਦੀ ਜਾਂਚ ਪੜਤਾਲ ਲਈ ਵਿਆਪਕ ਮੁਹਿੰਮ ਚਲਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਕੂਲੀ ਬੱਚਿਆਂ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਸਕੂਲਾਂ ਅਤੇ ਕਾਲਜਾਂ ਦੀਆਂ 157 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਸ ਦੌਰਾਨ ਨਿਯਮਾਂ ਦੀ ਉਲੰਘਨਾ ਕਰਨ ਵਾਲੀਆਂ 29 ਬੱਸਾਂ ਦੇ ਚਲਾਨ ਕੀਤੇ ਗਏ। ਉਹਨਾਂ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਤਾਰ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਦੀ ਚੈਕਿੰਗ ਕਰਨ ਸਬੰਧੀ ਹੁਕਮ ਮਿਲੇ ਸਨ ਜਿਸ ਦੀ ਪਾਲਣਾ ਕਰਦੇ ਹੋਏ ਅੱਜ ਵਿਸ਼ੇਸ਼ ਤੌਰ ਤੇ ਇਹ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ ਇਹਨਾਂ ਬੱਸਾਂ ਦੇ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਵਾਜਾਈ ਸਬੰਧੀ ਮਾਨਯੋਗ ਅਦਾਲਤਾਂ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਿੱਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ। ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਅੱਜ ਕੀਤੀ ਜਾਂਚ ਪੜਤਾਲ ਦੌਰਾਨ ਨਿਯਮਾਂ ਦੀ ਉਲੰਘਨਾ ਕਰਨ ਵਾਲੀਆਂ ਜ਼ਿਆਦਾਤਰ ਬੱਸਾਂ ਵਿੱਚ ਫਿਟਨੈਸ ਸਰਟੀਫਿਕੇਟ ਨਾ ਹੋਣਾ, ਡਰਾਇਵਰ ਦੇ ਸਹੀ ਢੰਗ ਨਾਲ ਵਰਦੀ ਨਾ ਪਾਈ ਹੋਣਾ, ਐਮਰਜੈਂਸੀ ਖਿੜਕੀ/ਦਰਵਾਜੇ ਦਾ ਨਾ ਹੋਣਾ, ਬੱਸ ਵਿੱਚ ਕੈਮਰਾ ਨਾ ਹੋਣਾ, ਪ੍ਰਦੂਸ਼ਨ/ਬੀਮਾ ਨਾ ਹੋਣਾ, ਸੀਟ ਬੈਲਟ ਨਾ ਲਗਾਉਣ, ਓਵਰਲੋਡ ਬੱਚੇ, ਮਹਿਲਾ ਸਹਾਇਕ ਦਾ ਨਾ ਹੋਣਾ ਅਤੇ ਸਕੂਲ ਬੱਸਾਂ ਦਾ ਪੀਲਾ ਰੰਗ ਨਾ ਹੋਣਾ, ਸ਼ਾਮਿਲ ਸਨ।
ਉਨਾਂ ਨੇ ਸਮੂਹ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਜਿਲਾ ਪੁਲਿਸ ਵੱਲੋਂ ਕੀਤੀ ਜਾਣ ਵਾਲੀ ਜਾਂਚ ਪੜਤਾਲ ਦੌਰਾਨ ਜੇਕਰ ਮੁੜ ਵਾਹਨਾਂ ਦੇ ਵਿੱਚ ਦਸਤਾਵੇਜੀ ਜਾਂ ਹੋਰ ਕਮੀਆਂ ਪਾਈਆਂ ਜਾਂਦੀਆਂ ਹਨ ਤਾਂ ਉਹਨਾਂ ਵਾਹਨਾਂ ਨੂੰ ਇਮਪਾਊਂਡ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here