ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਵਿੱਚ ਕੀਤੀ ਜਨ ਸਭਾਵਾਂ, ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਕੀਤੀ ਅਪੀਲ
ਮਾਨ ਦਾ ਕਾਂਗਰਸ ‘ਤੇ ਹਮਲਾ, ਕਿਹਾ- ਜੋ ਕਾਂਗਰਸ ਦੀ ਡਿਪਟੀ ਮੇਅਰ ਹੁੰਦਿਆਂ ਗਲੀਆਂ, ਨਾਲੀਆਂ ਤੇ ਸੀਵਰੇਜ ਦਾ ਕੰਮ ਨਹੀਂ ਕਰਵਾ ਸਕੀ, ਉਹ ਕਦੇ ਵੀ ਪੂਰੇ ਇਲਾਕੇ ਦੇ ਵਿਕਾਸ ਕਾਰਜ ਨਹੀਂ ਕਰਵਾ ਸਕਦੀ
ਸ਼ੀਤਲ ਅੰਗੁਰਾਲ ‘ਤੇ ਮਾਨ ਨੇ ਕਿਹਾ- ਇਸ ਨੂੰ ਅਜਿਹਾ ਸਬਕ ਸਿਖਾਓ ਕਿ ਕੋਈ ਮੁੜ ਇਸ ਤਰ੍ਹਾਂ ਅਸਤੀਫ਼ਾ ਦੇਣ ਦੀ ਹਿੰਮਤ ਨਾ ਕਰ ਸਕੇ
ਭਗਵੰਤ ਮਾਨ ਨੇ ਪੰਜਾਬ ਦੇ ਹਰ ਵਰਗ ਲਈ ਇਤਿਹਾਸਕ ਕੰਮ ਕੀਤਾ ਹੈ, ਅਜਿਹਾ ਮੁੱਖ ਮੰਤਰੀ ਪੰਜਾਬ ‘ਚ ਪਹਿਲੀ ਵਾਰ ਬਣਿਆ ਹੈ- ‘ਆਪ’ ਸੰਸਦ ਮੈਂਬਰ ਸੰਜੇ ਸਿੰਘ
ਮਾਨ ਸਰਕਾਰ ‘ਚ ਪੰਜਾਬ ਦੇ ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ, ਮੁਹੱਲਾ ਕਲੀਨਿਕ ਬਣ ਰਹੇ ਹਨ, ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਭ੍ਰਿਸ਼ਟਾਚਾਰ ਖ਼ਤਮ ਹੋਇਆ ਹੈ- ਸੰਜੇ ਸਿੰਘ
‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ- ‘ਆਪ’ ਸਰਕਾਰ ਆਮ ਲੋਕਾਂ ਅਤੇ ਗ਼ਰੀਬਾਂ ਦੀ ਸਰਕਾਰ ਹੈ, ਇਹ ਅਮੀਰਾਂ ਤੋਂ ਟੈਕਸ ਇਕੱਠਾ ਕਰਕੇ ਗ਼ਰੀਬਾਂ ਨੂੰ ਸਹੂਲਤਾਂ ਦੇ ਰਹੀ ਹੈ
ਜਲੰਧਰ/ਚੰਡੀਗੜ੍ਹ, 7 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਇੱਥੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾਉਣ ਦੀ ਅਪੀਲ ਕੀਤੀ।
ਜਲੰਧਰ ਪੱਛਮੀ ਵਿਧਾਨ ਸਭਾ ਅਧੀਨ ਪੈਂਦੇ ਵਾਰਡ ਨੰਬਰ 35, 41, 44 ਅਤੇ ਵਾਰਡ ਨੰਬਰ 76 ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਕੌਮੀ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ‘ਆਪ’ ਉਮੀਦਵਾਰ ਮੋਹਿੰਦਰ ਭਗਤ ਨਾਲ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਮੁੱਖ ਮੰਤਰੀ ਨੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਤੁਹਾਡਾ ਉਮੀਦਵਾਰ ਜਿੱਤ ਗਿਆ ਤਾਂ ਮੋਹਿੰਦਰ ਭਗਤ ਜੋ ਵੀ ਅਰਜ਼ੀ ਮੇਰੇ ਕੋਲ ਲੈ ਕੇ ਆਉਣਗੇ, ਮੈਂ ਉਨ੍ਹਾਂ ਸਾਰਿਆਂ ‘ਤੇ ਦਸਤਖ਼ਤ ਕਰਕੇ ਪਾਸ ਕਰਾਂਗਾ। ਮਾਨ ਨੇ ਮੋਹਿੰਦਰ ਭਗਤ ਨੂੰ ਮੰਤਰੀ ਬਣਾਉਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਉਨ੍ਹਾਂ ਨੂੰ ਵਿਧਾਨ ਸਭਾ ‘ਚ ਭੇਜੋ, ਮੈਂ ਉਨ੍ਹਾਂ ਨੂੰ ਅਗਲੀ ਪੌੜੀ ਚੜ੍ਹਾ ਦੇਵਾਂਗਾ।
ਮਾਨ ਨੇ ਕਿਹਾ ਕਿ ਮੈਂ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਦੇ ਕੰਮਾਂ ਲਈ ਜਲੰਧਰ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਹੈ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਸਰਕਾਰ ਖ਼ੁਦ ਤੁਹਾਡੇ ਬੂਹੇ ‘ਤੇ ਹੈ। ਮਾਨ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਇਹ ਰਿਹਾਇਸ਼ ਆਪਣੇ ਕੋਲ ਰੱਖਣਗੇ ਅਤੇ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਇੱਥੇ ਲੋਕਾਂ ਨੂੰ ਮਿਲਣਗੇ।