ਦਲਿਤ ਮੁਕਤੀ ਮਾਰਚ ਨੇ ਕੀਤੀ ਨਜ਼ੂਲ ਜਮੀਨਾਂ ਦੇ ਮਾਲਕੀ ਹੱਕ ਦੇਣ ਦੀ ਮੰਗ
ਦਲਜੀਤ ਕੌਰ
ਮੂਨਕ, 22 ਸਤੰਬਰ, 2024:
ਜ਼ਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬੇ ਦੇ ਖਿਲਾਫ ਚੱਲਿਆ ਦਲਿਤ ਮੁਕਤੀ ਮਾਰਚ ਮੂਨਕ ਤੋਂ ਭੂੰਦੜ ਭੈਣੀ, ਹਮੀਰਗੜ੍ਹ, ਭਾਠੂਆਂ ਤੋਂ ਦੇਹਲਾ ਪਹੁੰਚਿਆ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਆਗੂ ਜਗਤਾਰ ਤੋਲੇਵਾਲ ਨੇ ਕਿਹਾਕਿ ਜਿੱਥੇ ਪੰਜਾਬ ਵਿੱਚ ਜਮੀਨ ਦੀ ਕਾਣੀ ਵੰਡ ਹੈ ਉੱਥੇ ਸਰਕਾਰਾਂ ਨਜੂਲ ਸੁਸਾਇਟੀ ਦੀਆਂ ਜਮੀਨਾਂ ਦੇ ਮਾਲਕੀ ਹੱਕ ਦੇਣ ਬਾਰੇ ਵੀ ਵਿਤਕਰਾ ਰੱਖਦੀਆਂ ਨੇ 1956 ਵਿਚ ਦਲਿਤ ਮਜ਼ਦੂਰਾਂ ਦੀਆਂ ਸੁਸਾਇਟੀਆਂ ਬਣਾ ਕੇ ਦਿੱਤੀਆਂ ਇਹ ਜਮੀਨਾਂ ਦੇ ਹੁਣ ਤੱਕ ਮਾਲਕੀ ਹੱਕ ਨਹੀਂ ਦਿੱਤੇ ਹਨ ਅਤੇ ਨਾ ਹੀ ਇਹਨਾ ਜਮੀਨਾ ਤੇ ਕੀਤੇ ਘੜੰਮ ਚੌਧਰੀਆਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਹਨ। ਸਰਕਾਰ ਦਲਿਤ ਵਿਰੋਧੀ ਮਾਨਸਿਕਤਾ ਰੱਖਦੇ ਹੋਏ ਬੇਜ਼ਮੀਨੇ ਲੋੜਵੰਦ ਪਰਿਵਾਰਾਂ ਨੂੰ ਹਰ ਸਾਲ 5-5 ਮਰਲੇ ਪਲਾਟ ਦੇਣ ਦਾ ਲਾਅਰਾ ਲਾਉਦੀ ਹੈ। ਘਰਾਂ ਦੀਆਂ ਰਜਿਸਟਰੀਆਂ ਵੀ ਜਾਰੀ ਨਹੀਂ ਕਰ ਰਹੀ। ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰਕੇ ਰਿਜ਼ਰਵੇਸ਼ਨ ਵਿਚ ਮਿਲਣ ਵਾਲੀਆਂ ਨੌਕਰੀਆਂ ਨੂੰ ਖਤਮ ਕਰ ਰਹੀ ਹੈ। ਮਹਿਗਾਈ ਦੇ ਹਿਸਾਬ ਨਾਲ ਅੱਜ ਮਜ਼ਦੂਰ ਦੀ ਦਿਹਾੜੀ 1000/ਰੁ ਬਣਦੀ ਹੈ ਪਰ ਮਨਰੇਗਾ ਸਮੇਤ ਮਜ਼ਦੂਰ ਦੀ ਦਿਹਾੜੀ ਇਸ ਦੇ ਨੇੜ ਤੇੜ ਵੀ ਨਹੀਂ ਹੈ, ਜਾਤੀ ਦਾਬਾ ਖਤਮ ਹੋਣ ਦੀ ਬਜਾਏ ਵਧਦਾ ਜਾ ਰਿਹਾ ਹੈ। ਇਸ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਲਿਤ ਮੁਕਤੀ ਮਾਰਚ ਸੰਗਰੂਰ, ਮਲੇਰਕੋਟਲਾ, ਪਟਿਆਲਾ, ਬਰਨਾਲਾ ਦੇ ਲਗਭਗ 300 ਪਿੰਡਾ ਵਿੱਚ ਜਾਣ ਦਾ ਫੈਸਲਾ ਕੀਤਾ ਸੀ ਜਿਸ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅੱਜ ਲਗਭਗ 200ਪਿੰਡਾ ਵਿੱਚ ਪਹੁੰਚ ਕਰ ਚੁੱਕੀ ਹੈ ਅੱਗੇ ਵੀ ਮਾਰਚ ਜਾਰੀ ਹੈ।
ਉਪਰੋਕਤ ਤੋਂ ਇਲਾਵਾ ਸ਼ਿੰਗਾਰਾ ਸਿੰਘ ਹੇੜੀਕੇ, ਗੁਰਦਾਸ ਝਲੂਰ ਆਦਿ ਨੇ ਸੰਬੋਧਨ ਕੀਤਾ। ਕਾਫ਼ਲੇ ਵਿਚ ਵੀਰਪਾਲ ਦੁੱਲੜ, ਜਸਵਿੰਦਰ ਸਿੰਘ ਹੇੜੀਕੇ, ਰਮਨਦੀਪ ਸਿੰਘ ਤੋਲੇਵਾਲ ਆਦਿ ਵਿਆਕਤੀ ਸ਼ਾਮਲ ਸਨ।