ਮਾਨਸਾ ਵਿਖੇ 2 ਸਕਸ਼ਨ ਮਸ਼ੀਨਾਂ ਕਰਨਗੀਆਂ ਸੀਵਰੇਜ ਦੀ ਸਮੱਸਿਆ ਦਾ ਹੱਲ-ਵਿਧਾਇਕ ਡਾ. ਵਿਜੈ ਸਿੰਗਲਾ
*ਡਾ. ਵਿਜੈ ਸਿੰਗਲਾ ਨੇ ਸੁਪਰ ਸਕਸ਼ਨ ਮਸ਼ੀਨਾ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਦਾ ਕੀਤਾ ਰਸਮੀ ਉਦਘਾਟਨ
ਮਾਨਸਾ, 20 ਨਵੰਬਰ 2024
ਮਾਨਸਾ ਸ਼ਹਿਰ ਦੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਦੇ ਸੁਚੱਜੇ ਪ੍ਰਬੰਧ ਲਈ ਨਗਰ ਕੌਂਸਲ ਮਾਨਸਾ ਵੱਲੋਂ ਵੱਖ-ਵੱਖ ਟੈਂਡਰ ਲਗਾ ਕੇ ਦੋ ਸੁਪਰ ਸਕਸ਼ਨ ਮਸ਼ੀਨਾ ਨਾਲ ਸੀਵਰੇਜ ਦੀ ਸਫਾਈ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਲਾਕਾ ਨਿਵਾਸੀਆਂ ਨੂੰ ਸੀਵਰੇਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਅੱਜ ਸੁਪਰ ਸਕਸ਼ਨ ਮਸ਼ੀਨਾ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕਰਨ ਦਾ ਰਸਮੀ ਉਦਘਾਟਨ ਕਰਦਿਆਂ ਕੀਤਾ।
ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀਵਰੇਜ ਦੀ ਸਮੱਸਿਆ ਦੇ ਹੱਲ ਦੀ ਵਚਨਬੱਧਤਾ ਅਤੇ ਕੀਤੇ ਵਾਅਦੇ ਮੁਤਾਬਕ ਅੱਜ ਸ਼ਹਿਰ ਦੇ ਸਾਲਾਂ ਤੋਂ ਬਲਾਕ ਪਏ ਸੀਵਰੇਜ ਨੂੰ ਖੋਲ੍ਹਣ ਅਤੇ ਸਾਫ-ਸਫਾਈ ਕਰਨ ਲਈ ਦੋ ਸੁਪਰ ਸਕਸ਼ਨ ਮਸ਼ੀਨਾ ਲਗਾ ਦਿੱਤੀਆਂ ਗਈਆਂ ਹਨ। ਇਸ ਨਾਲ ਵੱਡੇ ਪੱਧਰ ’ਤੇ ਸ਼ਹਿਰ ਦੇ ਵਾਰਡਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੀਵਰੇਜ ਦੇ ਪਾਣੀ ਦੀ ਪੱਕੇ ਤੌਰ ’ਤੇ ਨਿਕਾਸੀ ਦੇ ਹੱਲ ਲਈ ਜਲਦ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ਼੍ਰੀ ਗੁਰਪ੍ਰੀਤ ਸਿੰਘ ਭੁੱਚਰ, ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਨੂ, ਸਾਬਕਾ ਸੀਨੀਅਰ ਵਾਈਸ ਪ੍ਰਧਾਨ ਵਿਸ਼ਾਲ ਜੈਨ ਗੋਲਡੀ, ਮੀਤ ਪ੍ਰਧਾਨ ਰਾਮਪਾਲ ਸਿੰਘ, ਐਡਵੋਕੇਟ ਅਮਨ ਕੁਮਾਰ ਮਿੱਤਲ, ਕੌਸਲਰ ਦਵਿੰਦਰ ਜਿੰਦਲ ਬਿੰਦਰ, ਸਤੀਸ਼ ਮਹਿਤਾ, ਸੰਦੀਪ ਸ਼ਰਮਾ, ਅਜੀਤ ਸਿੰਘ ਸਰਪੰਚ ਅਤੇ ਸੀਵਰੇਜ ਬੋਰਡ ਦੇ ਐਸ.ਡੀ. ਓ. ਮਨਪ੍ਰੀਤ ਸਿੰਘ ਅਤੇ ਜੇ.ਈ. ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।