ਕੁਲਰੀਆਂ ਜ਼ਮੀਨ ਮਾਲਕਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ: ਕੁਲਵੰਤ ਭਦੌੜ ਭਾਕਿਯੂ ਏਕਤਾ ਡਕੌਂਦਾ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਲੰਧਰ ਵੱਲ ਮਾਰਚ 4 ਜੁਲਾਈ ਨੂੰ: ਸਾਹਿਬ ਸਿੰਘ ਬਡਬਰ

0
23
ਬਰਨਾਲ਼ਾ, 3 ਜੁਲਾਈ, 2024: ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਜ਼ਿਲ੍ਹਾ ਬਰਨਾਲਾ ਦੀ  ਮੀਟਿੰਗ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਸਥਾਨਕ ਤਰਕਸ਼ੀਲ ਭਵਨ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਲਈ ਜਾਰੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਸਤਨਾਮ ਸਿੰਘ ਸੰਧੂ ਪੱਤੀ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਭੋਂ-ਮਾਫ਼ੀਆ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਪੁਸ਼ਤ-ਪਨਾਹੀ ਦਾ ਵਿਰੋਧ ਕਰਨ ਲਈ, 4 ਜੁਲਾਈ ਨੂੰ ਜਲੰਧਰ ‘ਵੈਸਟ’ ਹਲਕੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਦੇ ਸੂਬਾ ਕਮੇਟੀ ਵੱਲੋਂ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਠੋਸ ਵਿਉਂਤਬੰਦੀ ਕੀਤੀ ਗਈ। ਜ਼ਿਲ੍ਹੇ ਦੇ ਤਿੰਨਾਂ ਬਲਾਕਾਂ ਵਿੱਚੋਂ ਬੱਸਾਂ ਸਵੇਰੇ ਸਹੀ 8 ਵਜੇ ਤੁਰਨਗੀਆਂ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਜਲੰਧਰ ਦੇ ਜ਼ਿਮਨੀ ਚੋਣ ਵਾਲੇ ਹਲਕੇ ਵਿੱਚ ਸੂਬਾ ਕਮੇਟੀ ਵੱਲੋਂ ਮਿਥੇ ਸਥਾਨ ’ਤੇ ਪਹੁੰਚ ਜਾਣਗੀਆਂ।
ਕਿਸਾਨ ਆਗੂਆਂ ਨੇ ਦੱਸਿਆ ਕਿ 13 ਜੁਲਾਈ ਨੂੰ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਸਾਥੀ ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਜੀਵਨ-ਸਾਥਣ ਦੀ ਚੌਦਵੀਂ ਬਰਸੀ ਹੈ ਜਿਸ ਲਈ ਉਸ ਦਿਨ ਤਰਕਸ਼ੀਲ ਭਵਨ ਦੇ ਹਾਲ ਵਿੱਚ ਜ਼ਿਲ੍ਹਾ ਪੱਧਰੀ ਸਮਾਗ਼ਮ ਕੀਤਾ ਜਾਵੇਗਾ, ਜਿਸ ਨੂੰ ਸੂਬੇ ਦੇ ਆਗੂ ਵੀ ਸੰਬੋਧਨ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਖ਼ਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਅਮਰਜੀਤ ਕੌਰ, ਕੁਲਵੰਤ ਸਿੰਘ ਹੰਡਿਆਇਆ, ਰਾਮ ਸਿੰਘ ਸ਼ਹਿਣਾ, ਸੰਦੀਪ ਸਿੰਘ ਚੀਮਾ, ਅਮਰਜੀਤ ਸਿੰਘ ਠੁੱਲੀਵਾਲ, ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭੋਲਾ ਸਿੰਘ ਛੰਨਾਂ ਤੋਂ ਇਲਾਵਾ ਜ਼ਿਲ੍ਹਾ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here