ਦਿੜ੍ਹਬਾ ਦੇ ਸ਼ਹਿਰੀ ਵਾਰਡਾਂ ਵਿੱਚ ਪੜਾਅਵਾਰ ਲੋਕ ਸੁਵਿਧਾ ਕੈਂਪਾਂ ਦੀ ਸ਼ੁਰੂਆਤ
ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਲਿਆ ਜਾਇਜ਼ਾ
ਦਲਜੀਤ ਕੌਰ
ਦਿੜ੍ਹਬਾ/ਸੰਗਰੂਰ, 5 ਜੁਲਾਈ, 2024: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਅੱਜ ਦਿੜ੍ਹਬਾ ਦੇ ਸ਼ਹਿਰੀ ਵਾਰਡਾਂ ਵਿਖੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਯੋਜਿਤ ‘ਲੋਕ ਸੁਵਿਧਾ ਕੈਂਪ’ ਦਾ ਜਾਇਜ਼ਾ ਲਿਆ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਉਥੇ ਮੌਜੂਦ ਸ਼ਹਿਰ ਨਿਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਏ.ਡੀ.ਸੀ ਆਕਾਸ਼ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰਾਂ ਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੇ ਘਰਾਂ ਨਜ਼ਦੀਕ 43 ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ ਅਤੇ ਹਰ ਹਫ਼ਤੇ ਸਬ ਡਵੀਜ਼ਨਾਂ ਵਿੱਚ 2-2 ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕ ਇਨ੍ਹਾਂ ਕੈਂਪਾਂ ਦੇ ਰਾਹੀਂ ਹੀ ਸੇਵਾਵਾਂ ਹਾਸਲ ਕਰ ਸਕਣ। ਕੈਂਪ ਦੌਰਾਨ ਪ੍ਰਾਪਤ ਹੋਏ 25 ਬਿਨੈ ਪੱਤਰਾਂ ਤਹਿਤ ਮੌਕੇ ’ਤੇ ਹੀ ਸਬੰਧਤ ਵਿਭਾਗਾਂ ਦੇ ਅਮਲੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਇਸ ਵਿੱਚੋਂ ਵਧੇਰੇ ਬਿਨੈ ਪੱਤਰ ਕਿਰਤ ਵਿਭਾਗ, ਫੂਡ ਤੇ ਸਿਵਲ ਸਪਲਾਈ ਵਿਭਾਗ ਤੇ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬੰਧਤ ਸਨ। ਇਸ ਕੈਂਪ ਦਾ ਵਾਰਡ ਨੰਬਰ 1 ਤੇ ਵਾਰਡ ਨੰਬਰ 4 ਦੇ ਲੋਕਾਂ ਨੇ ਲਾਭ ਉਠਾਇਆ। ਇਸ ਮੌਕੇ ਕਾਰਜਸਾਧਕ ਅਫ਼ਸਰ ਚੰਦਰ ਵਧਵਾ ਨੇ ਦੱਸਿਆ ਕਿ ਦਿੜ੍ਹਬਾ ਦੇ ਸ਼ਹਿਰੀ ਵਾਰਡਾਂ ਵਿੱਚ ਹਰ ਸ਼ੁੱਕਰਵਾਰ ਇਹ ਕੈਂਪ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਦਕਿ ਪਿੰਡਾਂ ਵਿੱਚ ਲੜੀਵਾਰ ਹਰ ਬੁੱਧਵਾਰ ਕੈਂਪ ਆਯੋਜਿਤ ਕਰਕੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਤੇ ਨਿਪਟਾਰਾ ਕੀਤਾ ਗਿਆ।